ਸਵਾਮੀ ਚੈਤਨਯਾਨੰਦ ਸਰਸਵਤੀ ਖ਼ਿਲਾਫ਼ ਕਈ ਵਿਦਿਆਰਥਣਾਂ ਨਾਲ ਯੌਨ ਸ਼ੋਸ਼ਣ ਤੇ ਧੋਖਾਧੜੀ ਦੇ ਮਾਮਲੇ ਦਰਜ
Wednesday, Sep 24, 2025 - 11:39 AM (IST)

ਨਵੀਂ ਦਿੱਲੀ- ਦਿੱਲੀ ਦੇ ਦੱਖਣ-ਪੱਛਮੀ ਇਲਾਕੇ ਵਸੰਤ ਕੁੰਜ ਨਾਰਥ ਥਾਣੇ 'ਚ ਸਵਾਮੀ ਚੈਤਨਯਾਨੰਦ ਸਰਸਵਤੀ ਉਰਫ਼ ਪਾਰਥ ਸਾਰਥੀ ਖ਼ਿਲਾਫ਼ ਕਈ ਵਿਦਿਆਰਥਣਾਂ ਨੇ ਯੌਨ ਸ਼ੋਸ਼ਣ ਅਤੇ ਧੋਖਾਧੜੀ ਦੇ ਦੋਸ਼ ਲਗਾਏ ਹਨ। ਇਹ ਮਾਮਲਾ 4 ਅਗਸਤ 2025 ਨੂੰ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼੍ਰੀ ਸ਼੍ਰਿੰਗੇਰੀ ਮਠ ਦੇ ਐਡਮਿਨਿਸਟ੍ਰੇਟਰ ਪੀ. ਏ. ਮੁਰਲੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
32 ਵਿਦਿਆਰਥਣਾਂ ਦੇ ਬਿਆਨ, 17 ਨੇ ਲਗਾਏ ਸਿੱਧੇ ਦੋਸ਼
ਪੁਲਸ ਜਾਂਚ ਦੌਰਾਨ 32 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ। ਇਨ੍ਹਾਂ 'ਚੋਂ 17 ਨੇ ਖੁੱਲ੍ਹ ਕੇ ਦੋਸ਼ ਲਗਾਇਆ ਕਿ ਸਵਾਮੀ ਉਨ੍ਹਾਂ ਨੂੰ ਅਸ਼ਲੀਲ ਮੈਸੇਜ ਭੇਜਦਾ ਸੀ, ਗੰਦੀ ਭਾਸ਼ਾ ਵਰਤਦਾ ਸੀ ਅਤੇ ਸਰੀਰਕ ਛੇੜਛਾੜ ਕਰਦਾ ਸੀ। ਕੁਝ ਵਿਦਿਆਰਥਣਾਂ ਦਾ ਦਾਅਵਾ ਹੈ ਕਿ ਮਹਿਲਾ ਫੈਕਲਟੀ ਅਤੇ ਐਡਮਿਨ ਕਰਮਚਾਰੀ ਵੀ ਉਨ੍ਹਾਂ 'ਤੇ ਸਵਾਮੀ ਦੀਆਂ ਗਲਤ ਮੰਗਾਂ ਪੂਰੀਆਂ ਕਰਨ ਲਈ ਦਬਾਅ ਬਣਾਉਂਦੇ ਸਨ।
ਮਾਮਲਾ ਦਰਜ, CCTV ਫੁਟੇਜ ਅਤੇ ਛਾਪੇ
ਸ਼ਿਕਾਇਤ ਦੇ ਆਧਾਰ 'ਤੇ BNS (ਭਾਰਤੀ ਨਿਆਂ ਸੰਹਿਤਾ) ਦੀਆਂ ਧਾਰਾਵਾਂ 75(2)/79/351(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ CCTV ਫੁਟੇਜ ਖੰਗਾਲੇ, ਕਈ ਥਾਵਾਂ 'ਤੇ ਛਾਪੇ ਮਾਰੇ ਪਰ ਸਵਾਮੀ ਹਾਲੇ ਵੀ ਫਰਾਰ ਹੈ। 16 ਪੀੜਤ ਵਿਦਿਆਰਥਣਾਂ ਦੇ ਬਿਆਨ ਮੈਜਿਸਟ੍ਰੇਟ ਸਾਹਮਣੇ ਦਰਜ ਹੋ ਚੁੱਕੇ ਹਨ।
ਫਰਜ਼ੀ ਡਿਪਲੋਮੈਟਿਕ ਨੰਬਰ ਪਲੇਟ ਵਾਲੀ ਕਾਰ ਬਰਾਮਦ
ਜਾਂਚ ਦੌਰਾਨ ਇੰਸਟੀਚਿਊਟ ਦੇ ਬੇਸਮੈਂਟ 'ਚੋਂ ਇਕ ਵੋਲਵੋ ਕਾਰ ਮਿਲੀ, ਜਿਸ 'ਤੇ ਫਰਜ਼ੀ ਡਿਪਲੋਮੈਟਿਕ ਨੰਬਰ ਪਲੇਟ (39 UN 1) ਲੱਗੀ ਸੀ। ਐਂਬੈਸੀ ਤੋਂ ਪੁਸ਼ਟੀ ਕਰਨ 'ਤੇ ਪਤਾ ਲੱਗਾ ਕਿ ਇਹ ਨੰਬਰ ਕਦੇ ਜਾਰੀ ਹੀ ਨਹੀਂ ਕੀਤਾ ਗਿਆ ਸੀ। ਇਸ ਸਬੰਧੀ ਇਕ ਵੱਖਰਾ ਕੇਸ (FIR ਨੰ. 385/2025) ਦਰਜ ਕੀਤਾ ਗਿਆ ਹੈ। ਕਾਰ ਜ਼ਬਤ ਕਰ ਲਈ ਗਈ ਹੈ।
ਸੰਸਥਾ ਤੋਂ ਕੱਢਿਆ ਗਿਆ ਸਵਾਮੀ
ਸਰੋਤਾਂ ਮੁਤਾਬਕ, ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਥਾ ਨੇ ਸਵਾਮੀ ਚੈਤਨਯਾਨੰਦ ਸਰਸਵਤੀ ਨੂੰ ਕੱਢ ਦਿੱਤਾ ਹੈ ਅਤੇ ਪੁਲਸ ਜਾਂਚ 'ਚ ਸਹਿਯੋਗ ਦਿੱਤਾ ਜਾ ਰਿਹਾ ਹੈ। ਸ਼੍ਰਿੰਗੇਰੀ ਸ਼ਾਰਦਾਪੀਠ ਨੇ ਤੋੜੇ ਸਾਰੇ ਸੰਬੰਧ ਦੱਖਿਣਾਮਨਾਯ ਸ਼੍ਰੀ ਸ਼ਾਰਦਾਪੀਠ, ਸ਼੍ਰਿੰਗੇਰੀ ਨੇ ਜਨਤਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਵਾਮੀ ਚੈਤਨਯਾਨੰਦ ਨਾਲ ਸਾਰੇ ਸੰਬੰਧ ਤੋੜੇ ਜਾ ਚੁੱਕੇ ਹਨ ਕਿਉਂਕਿ ਉਸ ਦਾ ਆਚਰਨ ਗੈਰ-ਕਾਨੂੰਨੀ ਅਤੇ ਸ਼ਾਰਦਾਪੀਠ ਦੇ ਹਿੱਤਾਂ ਦੇ ਖ਼ਿਲਾਫ਼ ਰਿਹਾ ਹੈ। ਇਸੇ ਕਾਰਨ ਸ਼ਾਰਦਾਪੀਠ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸ਼੍ਰੀ ਸ਼ਾਰਦਾ ਇੰਸਟੀਚਿਊਟ ਆਫ਼ ਇੰਡਿਆਨ ਮੈਨੇਜਮੈਂਟ ਐਂਡ ਰਿਸਰਚ (SRISIIM), AICTE ਤੋਂ ਮਨਜ਼ੂਰਸ਼ੁਦਾ ਹੈ ਅਤੇ ਇਸ ਦਾ ਸੰਚਾਲਨ ਸ਼ਾਰਦਾਪੀਠ ਵੱਲੋਂ ਬਣਾਈ ਗਵਰਨਿੰਗ ਕੌਂਸਲ ਕਰਦੀ ਹੈ। ਗਵਰਨਿੰਗ ਕੌਂਸਲ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਵਿਦਿਆਰਥੀਆਂ ਦੇ ਹੱਕ ਸੁਰੱਖਿਅਤ ਰਹਿਣਗੇ ਅਤੇ ਉਨ੍ਹਾਂ ਦੀ ਪੜ੍ਹਾਈ 'ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8