SYL ਮੁੱਦਾ: ਭਲਕੇ ਹੋਵੇਗੀ ਸੀ. ਐੱਮ. ਖੱਟੜ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਬੈਠਕ
Monday, Aug 17, 2020 - 05:26 PM (IST)
ਨਵੀਂ ਦਿੱਲੀ/ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੱਲ੍ਹ ਭਾਵ 18 ਅਗਸਤ ਨੂੰ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮੁੱਦੇ ’ਤੇ ਬੈਠਕ ਹੋਵੇਗੀ। ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ’ਚ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਵੀ ਮੌਜੂਦ ਰਹਿਣਗੇ। ਜਾਣਕਾਰੀ ਮੁਤਾਬਕ ਕੇਂਦਰੀ ਮੰਤਰੀ 18 ਅਗਸਤ ਨੂੰ ਇਸ ਬੈਠਕ ’ਚ ਨਵੀਂ ਦਿੱਲੀ ਵਿਖੇ ਹਾਜ਼ਰ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਕਾਲ ਕਾਰਨ ਇਹ ਬੈਠਕ ਵੀਡੀਓ ਕਾਨਫਰੈਂਸਿੰਗ ਜ਼ਰੀਏ ਹੋਵੇਗੀ। ਇਹ ਬੈਠਕ 28 ਜੁਲਾਈ ਦੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਬੁਲਾਈ ਗਈ ਹੈ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਹ ਲਿਖਤੀ ’ਚ ਭੇਜਿਆ ਹੈ ਕਿ ਉਹ 18 ਅਗਸਤ ਦੀ ਬੈਠਕ ’ਚ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 28 ਜੁਲਾਈ ਨੂੰ ਸੁਣਵਾਈ ਦੌਰਾਨ ਕਿਹਾ ਸੀ ਕਿ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਇਸ ਦਾ ਹੱਲ ਲੱਭਣਾ ਚਾਹੀਦਾ। ਸੁਪਰੀਮ ਕੋਰਟ ਨੇ ਗੱਲਬਾਤ ਲਈ 3 ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਮੰਗਲਵਾਰ ਯਾਨੀ ਕਿ ਭਲਕੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਗੱਲਬਾਤ ਕਰਨਗੇ। ਗੱਲਬਾਤ ਦੀ ਰਿਪੋਰਟ ਵੀ ਸੁਪਰੀਮ ਕੋਰਟ ਵਿਚ ਰੱਖੀ ਜਾਵੇਗੀ।
ਦੱਸ ਦੇਈਏ ਕਿ ਹਰਿਆਣਾ ਅਤੇ ਪੰਜਾਬ ਵਿਚਾਲੇ ਸਾਲਾਂ ਤੋਂ ਚੱਲੇ ਆ ਰਹੇ ਵਿਵਾਦ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਹੈ ਕਿ ਉਹ ਦੋਹਾਂ ਸੂਬਿਆਂ ਨੂੰ ਆਪਸ ਵਿਚ ਬੈਠਕ ਕੇ ਸਹਿਮਤੀ ਬਣਾ ਲਵੇ ਅਤੇ ਜੋ ਵੀ ਫ਼ੈਸਲਾ ਹੋਵੇ, ਉਸ ਬਾਰੇ ਸੁਪਰੀਮ ਕੋਰਟ ਨੂੰ ਜਾਣਕਾਰੀ ਦੇਵੇ। ਪੰਜਾਬ ਨੇ ਸੁਪਰੀਮ ਕੋਰਟ ’ਚ ਕਿਹਾ ਸੀ ਕਿ ਉਸ ਕੋਲ ਹਰਿਆਣਾ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ ਪਰ ਹਰਿਆਣਾ ਦੀ ਦਲੀਲ ਹੈ ਕਿ ਉਹ ਫਾਲਤੂ ਜਾਂ ਘੱਟ ਨਹੀਂ ਸਗੋਂ ਆਪਣੇ ਹਿੱਸੇ ਦਾ ਪਾਣੀ ਮੰਗ ਰਿਹਾ ਹੈ।
ਕੀ ਹੈ ਮਾਮਲਾ—
ਪਾਣੀ ਦੀ ਵੰਡ ਨੂੰ ਲੈ ਕੇ ਸਾਲ 2018 ’ਚ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਪੰਜਾਬ ਨਾਲ ਜਾਰੀ ਵਿਵਾਦ ’ਤੇ ਛੇਤੀ ਸੁਣਵਾਈ ਕੀਤੀ ਜਾਵੇ। ਇਹ ਮਾਮਲਾ ਸਾਬਕਾ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਜਸਟਿਸ ਡੀ. ਵਾਈ ਚੰਦਰਚੂੜ ਦੀ ਬੈਂਚ ਸਾਹਮਣੇ ਚੁੱਕਿਆ ਗਿਆ। 11 ਜੁਲਾਈ 2018 ਨੂੰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਮੁੱਦੇ ’ਤੇ ਉਸ ਦੇ ਫ਼ੈਸਲੇ ਦਾ ਸਨਮਾਨ ਕਰਨਾ ਅਤੇ ਉਸ ਨੂੰ ਲਾਗੂ ਕਰਨਾ ਪੰਜਾਬ ਅਤੇ ਹਰਿਆਣਾ ਲਈ ਜ਼ਰੂਰੀ ਹੈ।