ਦਿੱਲੀ ’ਚ CM ਨੂੰ ਲੈ ਕੇ ਸਸਪੈਂਸ ਜਾਰੀ
Wednesday, Feb 12, 2025 - 12:44 AM (IST)
![ਦਿੱਲੀ ’ਚ CM ਨੂੰ ਲੈ ਕੇ ਸਸਪੈਂਸ ਜਾਰੀ](https://static.jagbani.com/multimedia/2025_2image_00_43_399539201bjp.jpg)
ਨੈਸ਼ਨਲ ਡੈਸਕ- ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਬਾਰੇ ਰਾਜਧਾਨੀ ’ਚ ਚਰਚੇ ਚੱਲ ਰਹੇ ਹਨ ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਸਸਪੈਂਸ ਜਾਰੀ ਹੈ।
ਇਸ ਅਹੁਦੇ ਲਈ 48 ਵਿਧਾਇਕ ਤੇ ਕਈ ਗੈਰ-ਵਿਧਾਇਕ ਦਾਅਵੇਦਾਰ ਹਨ। ਇਨ੍ਹਾਂ ’ਚ ਮੌਜੂਦਾ ਤੇ ਸਾਬਕਾ ਸੰਸਦ ਮੈਂਬਰ ਵੀ ਸ਼ਾਮਲ ਹਨ। ਸਭ ਨੂੰ ਉਮੀਦ ਹੈ ਕਿ ਸ਼ਾਇਦ ਪ੍ਰਮਾਤਮਾ ਉਨ੍ਹਾਂ ’ਤੇ ਮਿਹਰਬਾਨ ਹੋ ਜਾਏ।
ਇਹ ਕੋਈ ਲੁਕਵੀਂ ਗੱਲ ਨਹੀਂ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਜਿੱਤ ਦੇ ਜਸ਼ਨਾਂ ’ਚ ਸ਼ਾਮਲ ਹੋਣ ਲਈ ਭਾਜਪਾ ਹੈੱਡਕੁਆਰਟਰ ’ਚ ਗਏ ਸਨ ਤਾਂ ਉਨ੍ਹਾਂ ਇਕ ਬੰਦ ਕਮਰੇ ’ਚ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦੌਰਾਨ ਉਹ ਅਮਿਤ ਸ਼ਾਹ, ਜੇ. ਪੀ. ਨੱਡਾ, ਬੀ. ਐੱਲ. ਸੰਤੋਸ਼ ਤੇ ਕੁਝ ਹੋਰ ਸੀਨੀਅਰ ਆਗੂਆਂ ਨੂੰ ਮਿਲੇ।
ਇਹ ਸਪੱਸ਼ਟ ਸੰਕੇਤ ਦਿੱਤੇ ਗਏ ਸਨ ਕਿ ਨਵੇਂ ਮੁੱਖ ਮੰਤਰੀ ਦੀ ਚੋਣ ਪ੍ਰਧਾਨ ਮੰਤਰੀ ਦੇ ਫਰਾਂਸ ਤੇ ਅਮਰੀਕਾ ਦੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਇਸ ਨੂੰ ਇਕ ਵੱਡਾ ਅਾਯੋਜਨ ਬਣਾਉਣਾ ਚਾਹੁੰਦੇ ਹਨ ਕਿਉਂਕਿ ਇਹ 27 ਸਾਲਾਂ ਬਾਅਦ ਹੋ ਰਿਹਾ ਹੈ।
ਉਹ ਦਿੱਲੀ ਤੇ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਮੋਦੀ ਅਤੇ ਭਾਜਪਾ ਦੀ ਅਗਵਾਈ ਹੇਠ ਰਾਸ਼ਟਰੀ ਰਾਜਧਾਨੀ ਹੁਣ ਵੱਖਰੀ ਹੋਵੇਗੀ। ਉਨ੍ਹਾਂ ਦੇ ਵੱਡੇ ਸੁਪਨੇ ਤੇ ਯੋਜਨਾਵਾਂ ਹਨ।
ਅਜਿਹੀਆਂ ਰਿਪੋਰਟਾਂ ਹਨ ਕਿ ਸਹੁੰ ਚੁੱਕ ਸਮਾਗਮ ਇਕ ਵੱਡੀ ਥਾਂ ’ਤੇ ਹੋਵੇਗਾ। ਐੱਨ. ਡੀ. ਏ. ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ। ਇਕ ਵੱਡੀ ਰੈਲੀ ਵੀ ਹੋਵੇਗੀ।
ਭਾਜਪਾ ਲੀਡਰਸ਼ਿਪ ਨੇ ਮੰਗਲਵਾਰ ਰਾਤ ਤੱਕ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਸੀ ਪਰ ਨਵੀਂ ਦਿੱਲੀ ਤੋਂ ਚੁਣੇ ਗਏ ਵਿਧਾਇਕ ਪਰਵੇਸ਼ ਵਰਮਾ ਸਭ ਤੋਂ ਵੱਧ ਚਰਚਾ ’ਚ ਹਨ ਕਿਉਂਕਿ ਉਹ ਇੱਕ ਵੱਡਾ ਨਾਂ ਹਨ।
ਇਸ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਹੋਰ ਪ੍ਰਮੁੱਖ ਨਾਵਾਂ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ। ਜਿਵੇਂ ਕਿ ਪਹਿਲਾਂ ਹੋਇਆ ਹੈ, ਮੋਦੀ ਵੱਲੋਂ ਮੁੱਖ ਮੰਤਰੀਆਂ ਤੇ ਕੈਬਨਿਟ ਮੰਤਰੀਆਂ ਦੀ ਚੋਣ ਕਰਨ ਦੇ ਢੰਗ ਦੇ ਇਤਿਹਾਸ ਨੂੰ ਵੇਖਦੇ ਹੋਏ ਕੋਈ ਵੀ ਅੰਦਾਜ਼ਾ ਲਾਉਣਾ ਫਜ਼ੂਲ ਹੈ।
ਕਿਵੇਂ ਮੋਦੀ ਨੇ ਗੁਜਰਾਤ ’ਚ ਭੂਪੇਂਦਰ ਭਾਈ ਪਟੇਲ, ਰਾਜਸਥਾਨ ’ਚ ਭਜਨ ਲਾਲ ਸ਼ਰਮਾ, ਮੱਧ ਪ੍ਰਦੇਸ਼ ’ਚ ਮੋਹਨ ਯਾਦਵ ਤੇ ਹਰਿਆਣਾ ’ਚ ਮਨੋਹਰ ਲਾਲ ਖੱਟੜ ਨੂੰ ਮੁੱਖ ਮੰਤਰੀ ਬਣਾਇਆ। ਇਸ ਲਈ ਸਮਝਦਾਰ ਲੋਕ ਚੁੱਪ ਹਨ। ਮੋਦੀ ਦੇ ਮਨ ’ਚ ਕੀ ਚੱਲ ਰਿਹਾ ਹੈ, ਇਸ ਦਾ ਅੰਦਾਜ਼ਾ ਲਾਉਣਾ ਔਖਾ ਹੈ।
ਮੋਦੀ ਹੀ ਜਾਣਦੇ ਹਨ ਕਿ ਉਹ ਕੀ ਚਾਹੁੰਦੇ ਹਨ। ਦਿੱਲੀ ਇਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਜੋ ਉਪ ਰਾਜਪਾਲ ਅਤੇ ਗ੍ਰਹਿ ਮੰਤਰਾਲਾ ਅਧੀਨ ਹੈ। ਇੱਥੇ ਇਕ ਸ਼ਾਂਤ, ਲੋਅ ਪ੍ਰੋਫਾਈਲ ਵਾਲਾ ਤੇ ਨਿਮਰ ਵਿਅਕਤੀ ਚਾਹੀਦਾ ਹੈ।