''ਸੂਰਿਆ ਕਤਲ ਕਾਂਡ'': ਪੀੜਤ ਪਰਿਵਾਰ ਨੂੰ ਮਿਲੀ ਸਰਕਾਰੀ ਨੌਕਰੀ, DM ਨੇ ਮਾਂ ਨੂੰ ਸੌਂਪਿਆ ਨਿਯੁਕਤੀ ਪੱਤਰ
Tuesday, Jun 02, 2026 - 08:57 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਹਾਈ-ਪ੍ਰੋਫਾਈਲ 'ਸੂਰਿਆ ਕਤਲ ਕਾਂਡ' ਵਿੱਚ ਪ੍ਰਸ਼ਾਸਨ ਨੇ ਪੀੜਤ ਪਰਿਵਾਰ ਦੀ ਮਦਦ ਲਈ ਅਹਿਮ ਕਦਮ ਚੁੱਕਿਆ ਹੈ। ਮੰਗਲਵਾਰ ਨੂੰ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਰਵਿੰਦਰ ਕੁਮਾਰ ਮਾਂਦੜ ਨੇ ਸੂਰਿਆ ਪ੍ਰਤਾਪ ਦੇ ਘਰ ਪਹੁੰਚ ਕੇ ਉਸ ਦੀ ਮਾਂ ਨੂੰ ਖੋੜਾ ਨਗਰ ਪਾਲਿਕਾ ਵਿੱਚ ਸਫਾਈ ਸੁਪਰਵਾਈਜ਼ਰ ਦੇ ਅਹੁਦੇ ਲਈ ਨਿਯੁਕਤੀ ਪੱਤਰ ਸੌਂਪਿਆ ਹੈ।
ਕੀ ਸੀ ਮਾਮਲਾ?
ਜਾਣਕਾਰੀ ਅਨੁਸਾਰ ਖੋੜਾ ਥਾਣਾ ਖੇਤਰ ਦੇ ਨਵਨੀਤ ਵਿਹਾਰ ਦੇ ਰਹਿਣ ਵਾਲੇ ਸੂਰਿਆ ਪ੍ਰਤਾਪ ਚੌਹਾਨ ਦੀ ਬਕਰੀਦ ਵਾਲੇ ਦਿਨ ਉਸ ਦੇ ਦੋਸਤ ਅਸਦ ਅਤੇ ਉਸ ਦੇ ਸਾਥੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਹਿੰਦੂ ਸੰਗਠਨਾਂ ਵੱਲੋਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।
ਪੁਲਸ ਕਾਰਵਾਈ ਤੇ ਮੁੱਖ ਮੁਲਜ਼ਮ ਦਾ ਐਨਕਾਊਂਟਰ
ਇਸ ਮਾਮਲੇ ਵਿੱਚ ਪੁਲਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਿਹਾ ਹੈ। ਪੁਲਸ ਨੇ ਪਹਿਲਾਂ ਹੀ ਮੁੱਖ ਮੁਲਜ਼ਮ ਅਸਦ ਦੇ ਪਿਤਾ ਨਵਾਬ ਅਤੇ ਦੋ ਦੋਸਤਾਂ ਅਤੀਫ ਅਤੇ ਫਰਹਾਨ ਨੂੰ ਗ੍ਰਿਫਤਾਰ ਕਰ ਲਿਆ ਸੀ। ਫਰਾਰ ਚੱਲ ਰਹੇ ਮੁੱਖ ਮੁਲਜ਼ਮ ਅਸਦ ਨੂੰ ਪੁਲਸ ਨੇ 30 ਅਤੇ 31 ਦੀ ਦਰਮਿਆਨੀ ਰਾਤ ਨੂੰ ਇੱਕ ਮੁਕਾਬਲੇ ਵਿੱਚ ਢੇਰ ਕਰ ਦਿੱਤਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਖੋੜਾ ਇਲਾਕੇ ਵਿੱਚ ਤਿੰਨ ਮਦਰੱਸਿਆਂ ਨੂੰ ਵੀ ਸੀਲ ਕਰ ਦਿੱਤਾ ਹੈ।
ਸਰਕਾਰ ਵੱਲੋਂ ਆਰਥਿਕ ਮਦਦ
ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮੰਦਭਾਗੀ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਲਈ 5 ਲੱਖ ਰੁਪਏ ਦੀ ਆਰਥਿਕ ਮਦਦ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਡੀਐਮ ਵੱਲੋਂ ਨੌਕਰੀ ਦਾ ਪੱਤਰ ਸੌਂਪੇ ਜਾਣ ਤੋਂ ਬਾਅਦ ਸੂਰਿਆ ਦਾ ਪਰਿਵਾਰ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਆ ਰਿਹਾ ਹੈ।
