ਵਿਦਿਆਰਥਣਾਂ ਲਈ ਟਾਇਲਟ ਬਣਾਉਣ ''ਚ ਦਿੱਲੀ-ਗੋਆ ਅੱਗੇ, ਜਾਣੋ ਕਿੰਨੇ ਨੰਬਰ ''ਤੇ ਹੈ ਪੰਜਾਬ
Sunday, Nov 03, 2024 - 10:48 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਸਰਕਾਰੀ, ਸਰਕਾਰੀ ਮਦਦ ਪ੍ਰਾਪਤ ਅਤੇ ਨਿੱਜੀ ਸਮੇਤ ਦੇਸ਼ ਦੇ 97.5 ਫੀਸਦੀ ਤੋਂ ਵੱਧ ਸਕੂਲਾਂ 'ਚ ਵਿਦਿਆਰਥਣਾਂ ਲਈ ਵੱਖ-ਵੱਖ ਟਾਇਲਟਾਂ ਦੀ ਸਹੂਲਤ ਹੈ। ਇਸ ਨੇ ਕਾਂਗਰਸ ਆਗੂ ਅਤੇ ਸਮਾਜਿਕ ਵਰਕਰ ਜਯਾ ਠਾਕੁਰ ਵਲੋਂ ਦਾਇਰ ਪੈਂਡਿੰਗ ਜਨਹਿੱਤ ਪਟੀਸ਼ਨ ਦੇ ਸੰਬੰਧ 'ਚ ਇਕ ਹਲਫਨਾਮਾ ਦਾਇਰ ਕੀਤਾ ਹੈ, ਜਿਸ 'ਚ ਜਮਾਤ 6 ਤੋਂ 12 ਤੱਕ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ 'ਸੈਨੇਟਰੀ ਪੈਡ' ਪ੍ਰਦਾਨ ਕਰਨ ਅਤੇ ਸਾਰੇ ਸਰਕਾਰੀ, ਸਰਕਾਰੀ ਮਦਦ ਪ੍ਰਾਪਤ ਅਤੇ ਰਿਹਾਇਸ਼ੀ ਸਕੂਲਾਂ 'ਚ ਵਿਦਿਆਰਥਣਾਂ ਲਈ ਵੱਖ-ਵੱਖ ਟਾਇਲਟਾਂ ਦੀ ਵਿਵਸਥਾ ਕਰਨ ਲਈ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਹੈ। ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਦਿੱਲੀ, ਗੋਆ ਅਤੇ ਪੁਡੂਚੇਰੀ ਵਰਗੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 100 ਫੀਸਦੀ ਟੀਚਾ ਹਾਸਲ ਕਰ ਲਿਆ ਹੈ ਅਤੇ ਅਦਾਲਤ ਦੇ ਪਹਿਲੇ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਹੈ।
ਇਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ 10 ਲੱਖ ਤੋਂ ਵੱਧ ਸਰਕਾਰੀ ਸਕੂਲਾਂ 'ਚ ਮੁੰਡਿਆਂ ਲਈ 16 ਲੱਖ ਟਾਇਲਟਾਂ ਅਤੇ ਕੁੜੀਆਂ ਲਈ 17.5 ਲੱਖ ਟਾਇਲਟ ਬਣਾਏ ਗਏ ਹਨ ਅਤੇ ਸਰਕਾਰੀ ਮਦਦ ਪ੍ਰਾਪਤ ਸਕੂਲਾਂ 'ਚ ਮੁੰਡਿਆਂ ਲਈ 2.5 ਲੱਖ ਅਤੇ ਕੁੜੀਆਂ ਲਈ 2.9 ਲੱਖ ਟਾਇਲਟ ਬਣਾਏ ਗਏ ਹਨ। ਕੇਂਦਰ ਨੇ ਰੇਖਾਂਕਿਤ ਕੀਤਾ ਕਿ ਪੱਛਮੀ ਬੰਗਾਲ 'ਚ 99.9 ਫੀਸਦੀ ਸਕੂਲਾਂ 'ਚ ਅਤੇ ਉੱਤਰ ਪ੍ਰਦੇਸ਼ 'ਚ 98.8 ਫੀਸਦੀ ਸਕੂਲਾਂ 'ਚ ਕੁੜੀਆਂ ਲਈ ਵੱਖ ਟਾਇਲਟਾਂ ਦੀ ਸਹੂਲਤ ਹੈ। ਇਸ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਤਾਮਿਲਨਾਡੂ 'ਚ ਇਹ ਅੰਕੜਾ 99.7 ਫ਼ੀਸਦੀ, ਕੇਰਲ 'ਚ 99.6 ਫੀਸਦੀ, ਸਿੱਕਮ, ਗੁਜਰਾਤ, ਪੰਜਾਬ 'ਚ 99.5 ਫੀਸਦੀ, ਛੱਤੀਸਗੜ੍ਹ 'ਚ 99.6 ਫੀਸਦੀ, ਕਰਨਾਟਕ 'ਚ 98.7 ਫੀਸਦੀ, ਮੱਧ ਪ੍ਰਦੇਸ਼ 'ਚ 98.6 ਫੀਸਦੀ, ਮਹਾਰਾਸ਼ਟਰ 'ਚ 97.8 ਫੀਸਦੀ, ਰਾਜਸਥਾਨ 'ਚ 98 ਫੀਸਦੀ, ਬਿਹਾਰ 'ਚ 98.5 ਫੀਸਦੀ ਅਤੇ ਓਡੀਸ਼ਾ 'ਚ 96.1 ਫੀਸਦੀ ਦਾ ਹੈ। ਕੇਂਦਰ ਨੇ ਕਿਹਾ ਹੈ ਕਿ ਪੂਰਬ-ਉੱਤਰ ਰਾਜ ਰਾਸ਼ਟਰੀ ਔਸਤ 98 ਫੀਸਦੀ ਤੋਂ ਪਿੱਛੇ ਹੈ। ਇਸ ਨੇ ਕਿਹਾ ਕਿ ਜੰਮੂ ਕਸ਼ਮੀਰ 'ਚ 89.2 ਫੀਸਦੀ ਸਕੂਲਾਂ 'ਚ ਕੁੜੀਆਂ ਲਈ ਵੱਖ ਟਾਇਲਟਾਂ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਕੇਂਦਰ ਨੇ 8 ਜੁਲਾਈ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਸਕੂਲ ਜਾਣ ਵਾਲੀ ਕਿਸ਼ੋਰ ਉਮਰ ਦੀਆਂ ਕੁੜੀਆਂ 'ਚ ਮਾਹਵਾਰੀ ਸਵੱਛਤਾ ਉਤਪਾਦਾਂ ਦੀ ਵੰਡ ਨੂੰ ਲੈ ਕੇ ਬਣਾਈ ਜਾ ਰਹੀ ਇਕ ਰਾਸ਼ਟਰੀ ਨੀਤੀ ਤਿਆਰ ਹੋਣ ਦੇ ਉੱਨਤ ਪੜਾਅ 'ਚ ਹੈ। ਠਾਕੁਰ ਵਲੋਂ ਦਾਇਰ ਜਨਹਿੱਤ ਪਟੀਸ਼ਨ 'ਚ ਸਕੂਲਾਂ 'ਚ ਗਰੀਬ ਪਿਛੋਕੜ ਵਾਲੀਆਂ ਕਿਸ਼ੋਰ ਕੁੜੀਆਂ ਨੂੰ ਹੋਣ ਵਾਲੀਆਂ ਕਠਿਨਾਈਆਂ 'ਤੇ ਰੋਸ਼ਨੀ ਪਾਈ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8