ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ

Sunday, Dec 11, 2022 - 02:27 AM (IST)

ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ

ਨੈਸ਼ਨਲ ਡੈਸਕ : ਕਾਂਗਰਸ ਦੇ ਸੀਨੀਅਰ ਨੇਤਾ ਅਤੇ 4 ਵਾਰ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖੂ ਵਿਦਿਆਰਥੀ ਸਿਆਸਤ ਤੋਂ ਉੱਭਰ ਕੇ ਪਾਰਟੀ ’ਚ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਪਹੁੰਚੇ ਹਨ। ਸੁੱਖੂ ਹੁਣ ਹਿਮਾਚਲ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਹੋਣਗੇ। ਸ਼ਿਮਲਾ ’ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ’ਚ ਸੁੱਖੂ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਸੁੱਖੂ ਨੂੰ ਪਾਰਟੀ ਦੇ ਦਿੱਗਜ ਆਗੂ ਵੀਰਭੱਦਰ ਸਿੰਘ ਦਾ ਆਲੋਚਕ ਮੰਨਿਆ ਜਾਂਦਾ ਸੀ, ਜਿਨ੍ਹਾਂ ਨੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤਕ ਹਿਮਾਚਲ ਪ੍ਰਦੇਸ਼ ਦੀ ਸਿਆਸਤ ’ਤੇ ਆਪਣਾ ਦਬਦਬਾ ਕਾਇਮ ਰੱਖਿਆ ਸੀ।

ਇਹ ਖ਼ਬਰ ਵੀ ਪੜ੍ਹੋ : ਹਰਸਿਮਰਤ ਬਾਦਲ ਨੇ CM ਮਾਨ ’ਤੇ ਕੱਸਿਆ ਤੰਜ਼, ਕਿਹਾ-ਪੰਜਾਬ ਨਾਲ ਕਾਮੇਡੀ ਕਰਨੀ ਕਰੋ ਬੰਦ

ਵੀਰਭੱਦਰ ਸਿੰਘ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਵੀਰਭੱਦਰ ਸਿੰਘ ਦੀ ਜਾਦੂਈ ਮੌਜੂਦਗੀ ਤੋਂ ਬਿਨਾਂ ਇਸ ਸੂਬੇ ’ਚ ਪਾਰਟੀ ਦੀ ਪਹਿਲੀ ਜਿੱਤ ਨਾਲ, ਸੁੱਖੂ ਨੂੰ ਇਸ ਉੱਚ ਅਹੁਦੇ ’ਤੇ ਬਿਰਾਜਮਾਨ ਕਰਨਾ ਇਹ ਸਪੱਸ਼ਟ ਕਰਦਾ ਹੈ ਕਿ ਪਾਰਟੀ ਅੱਗੇ ਵਧਣ ਲਈ ਤਿਆਰ ਹੈ। ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ’ਚ ਵੀਰਭੱਦਰ ਸਿੰਘ ਦੀ ਪਤਨੀ ਅਤੇ ਪਾਰਟੀ ਦੀ ਸੂਬਾ ਇਕਾਈ ਦੀ ਪ੍ਰਧਾਨ ਪ੍ਰਤਿਭਾ ਸਿੰਘ ਮੁੱਖ ਮੰਤਰੀ ਵੀ ਸ਼ਾਮਲ ਸੀ ਪਰ ਕਾਂਗਰਸ ਹਾਈਕਮਾਂਡ ਨੇ 58 ਸਾਲਾ ਸੁੱਖੂ ਦੇ ਨਾਂ ’ਤੇ ਰਜ਼ਾਮੰਦੀ ਦਿੱਤੀ। ਸੁੱਖੂ ਇਕ ਸਾਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਰੋਡ ਟਰਾਂਸਪੋਰਟ ਕਾਰਪੋਰੇਸ਼ਨ ’ਚ ਡਰਾਈਵਰ ਵਜੋਂ ਕੰਮ ਕਰਦੇ ਸਨ।

PunjabKesari

ਦੁੱਧ ਵੀ ਵੇਚਦੇ ਸਨ

ਸੁੱਖੂ ਆਪਣੇ ਸ਼ੁਰੂਆਤੀ ਦਿਨਾਂ ’ਚ ਛੋਟਾ ਸ਼ਿਮਲਾ ’ਚ ਦੁੱਧ ਵੀ ਵੇਚਦੇ ਸਨ। 6 ਵਾਰ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਅਕਸਰ ਟਕਰਾਅ ਹੋਣ ਦੇ ਬਾਵਜੂਦ ਸੁੱਖੂ 2013 ਤੋਂ 2019 ਤੱਕ ਰਿਕਾਰਡ ਛੇ ਸਾਲਾਂ ਤਕ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਬਣੇ ਰਹੇ। ਹਾਲ ਹੀ ’ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਸੱਤਾ ਖੋਹਣ ਤੋਂ ਬਾਅਦ ਸੁੱਖੂ ਅਤੇ ਪ੍ਰਤਿਭਾ ਸਿੰਘ ਦੋਵਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵਾ ਪੇਸ਼ ਕੀਤਾ ਸੀ। ਸੁੱਖੂ ਚੋਟੀ ਦੇ ਅਹੁਦੇ ’ਤੇ ਕਾਬਜ਼ ਹੋਣ ਵਾਲੇ ਹੇਠਲੇ ਹਿਮਾਚਲ ਦੇ ਪਹਿਲੇ ਕਾਂਗਰਸੀ ਨੇਤਾ ਹੋਣਗੇ। ਨਾਲ ਹੀ ਭਾਜਪਾ ਦੇ ਪ੍ਰੇਮ ਕੁਮਾਰ ਧੂਮਲ ਤੋਂ ਬਾਅਦ ਉਹ ਜ਼ਿਲ੍ਹੇ ਤੋਂ ਦੂਸਰੇ ਮੁੱਖ ਮੰਤਰੀ ਹੋਣਗੇ। 

PunjabKesari

ਪਹਿਲਾਂ ਹੀ ਹਾਈਕਮਾਂਡ ਦਾ ਜਿੱਤ ਲਿਆ ਸੀ ਭਰੋਸਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਤੇ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਰਹੇ ਨਾਦੌਨ ਸੀਟ ਤੋਂ ਵਿਧਾਇਕ ਸੁੱਖੂ ਨੂੰ ਸ਼ਨੀਵਾਰ ਸਰਬਸੰਮਤੀ ਨਾਲ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਉਹ ਐਤਵਾਰ ਨੂੰ ਮੁੱਖ ਮੰਤਰੀ ਅਹੁਦੇ ਵਜੋਂ ਸਹੁੰ ਚੁੱਕਣਗੇ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਂਡ ਦਾ ਸੁੱਖੂ ’ਤੇ ਭਰੋਸਾ ਉਦੋਂ ਹੀ ਜ਼ਾਹਿਰ ਹੋ ਗਿਆ ਸੀ, ਜਦੋਂ ਉਨ੍ਹਾਂ ਨੂੰ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਵੱਡੀ ਗਿਣਤੀ ’ਚ ਉਨ੍ਹਾਂ ਦੇ ਸਮਰਥਕਾਂ ਨੂੰ ਪਾਰਟੀ ਦੀ ਟਿਕਟ ਮਿਲੀ ਸੀ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੰਗਠਨ ਨੂੰ ਮਜ਼ਬੂਤ ​​ਕੀਤਾ ਅਤੇ ਵਰਕਰਾਂ ਅਤੇ ਵਰਕਰਾਂ ਤੇ ਵਿਧਾਇਕਾਂ ਨਾਲ ਉਨ੍ਹਾਂ ਦੇ ਤਾਲਮੇਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ​​ਦਾਅਵੇਦਾਰ ਬਣਾ ਦਿੱਤਾ। ਸੂਬੇ ਦੀ 68 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਕੋਲ 40 ਵਿਧਾਇਕ ਹਨ।

PunjabKesari

2003 ’ਚ ਜਿੱਤੀ ਸੀ ਪਹਿਲੀ ਵਿਧਾਨ ਸਭਾ ਚੋਣ 

ਸੂਬੇ ’ਚ ਵਿਧਾਨ ਸਭਾ ਚੋਣਾਂ 12 ਨਵੰਬਰ ਨੂੰ ਹੋਈਆਂ ਸਨ ਅਤੇ ਨਤੀਜਿਆਂ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। ਜੁਲਾਈ 2021 ’ਚ ਵੀਰਭੱਦਰ ਸਿੰਘ ਦੀ ਮੌਤ ਤੋਂ ਬਾਅਦ ਸੂਬੇ ’ਚ ਇਹ ਪਹਿਲੀ ਚੋਣ ਸੀ। ਸੁੱਖੂ ਕਾਂਗਰਸ ਨਾਲ ਸਬੰਧਿਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦੀ ਸੂਬਾ ਇਕਾਈ ਦੇ ਜਨਰਲ ਸਕੱਤਰ ਸਨ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਤੋਂ ਐੱਮ. ਏ. ਅਤੇ ਐੱਲ.ਐੱਲ.ਬੀ. ਕੀਤੀ ਸੀ। ਜ਼ਮੀਨੀ ਪੱਧਰ ’ਤੇ ਕੰਮ ਕਰਦੇ ਹੋਏ ਉਹ ਦੋ ਵਾਰ ਸ਼ਿਮਲਾ ਨਗਰ ਨਿਗਮ ਦੇ ਕੌਂਸਲਰ ਚੁਣੇ ਗਏ ਸਨ। ਉਨ੍ਹਾਂ ਨੇ 2003 ’ਚ ਨਾਦੌਨ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਅਤੇ 2007 ’ਚ ਸੀਟ ਬਰਕਰਾਰ ਰੱਖੀ ਪਰ 2012 ’ਚ ਚੋਣ ਹਾਰ ਗਏ ਸਨ। ਇਸ ਤੋਂ ਬਾਅਦ  2017 ਅਤੇ 2022 ’ਚ ਉਨ੍ਹਾਂ ਨੇ ਫਿਰ ਤੋਂ ਜਿੱਤ ਦਰਜ ਕੀਤੀ ।


author

Manoj

Content Editor

Related News