ਕਰਣੀ ਸੈਨਾ ਦਾ ਵੱਡਾ ਬਿਆਨ-''ਯੋਗੀ ਦੀ ਤਰਜ਼ ''ਤੇ ਹੋਵੇ ਐਕਸ਼ਨ, ਐਨਕਾਊਂਟਰ ਤੱਕ ਨਹੀਂ ਲੈਣਗੇ ਸਹੁੰ''

Wednesday, Dec 06, 2023 - 10:29 AM (IST)

ਨੈਸ਼ਨਲ ਡੈਸਕ- ਜੈਪੁਰ 'ਚ ਮੰਗਲਵਾਰ ਨੂੰ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੇ ਕਤਲ ਕਾਰਨ ਪੂਰੇ ਰਾਜਸਥਾਨ 'ਚ ਬਵਾਲ ਮਚਿਆ ਹੋਇਆ ਹੈ। ਪੁਲਸ ਨੇ ਮਾਮਲੇ 'ਤੇ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ ਪਰ ਕਰਣੀ ਸੈਨਾ ਲਗਾਤਾਰ ਗੁੱਸਾ ਜ਼ਾਹਰ ਕਰ ਰਹੀ ਹੈ। ਹੁਣ ਕਰਣੀ ਸੈਨਾ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਤਰਜ਼ 'ਤੇ ਗੋਗਾਮੇਦੀ ਦੇ ਕਾਤਲਾਂ ਖ਼ਿਲਾਫ਼ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਕਰਣੀ ਸੈਨਾ ਦਾ ਕਹਿਣਾ ਹੈ ਕਿ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਪਿਛਲੇ ਦੋ ਸਾਲਾਂ ਤੋਂ ਸੁਰੱਖਿਆ ਦੀ ਮੰਗ ਕਰ ਰਹੇ ਸਨ ਪਰ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।
ਜਦੋਂ ਤੱਕ ਐਨਕਾਊਂਟਰ ਨਹੀਂ ਉਦੋਂ ਤੱਕ ਕੋਈ ਸਹੁੰ ਨਹੀਂ ਚੁੱਕੀ ਜਾਂਦੀ
ਕਰਣੀ ਸੈਨਾ ਦੇ ਆਗੂ ਮਹੀਪਾਲ ਸਿੰਘ ਨੇ ਕਿਹਾ ਹੈ ਕਿ ਜਦੋਂ ਤੱਕ ਸੁਖਦੇਵ ਸਿੰਘ ਗੋਗਾਮੇਦੀ ਦੇ ਕਾਤਲਾਂ ਦਾ ਐਨਕਾਊਂਟਰ ਨਹੀਂ ਹੋ ਜਾਂਦਾ, ਉਦੋਂ ਤੱਕ ਸੂਬੇ ਵਿੱਚ ਕੋਈ ਵੀ ਸਹੁੰ ਚੁੱਕ ਸਮਾਗਮ ਨਹੀਂ ਹੋਵੇਗਾ। ਦੱਸ ਦੇਈਏ ਕਿ ਕਰਣੀ ਸੈਨਾ ਨੇ ਆਪਣੇ ਪ੍ਰਧਾਨ ਦੀ ਹੱਤਿਆ ਦੇ ਵਿਰੋਧ ਵਿੱਚ ਭਲਕੇ ਰਾਜਸਥਾਨ ਬੰਦ ਦਾ ਐਲਾਨ ਕੀਤਾ ਹੈ। ਮਹੀਪਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਗਹਿਲੋਤ ਸਰਕਾਰ ਨੇ ਗੋਗਾਮੇਦੀ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ, ਜਿਸ ਕਾਰਨ ਅੱਜ ਇਹ ਘਟਨਾ ਵਾਪਰੀ।
ਲਾਰੇਂਸ ਬਿਸ਼ਨੋਈ ਦਾ ਨਾਂ ਚਰਚਾ 'ਚ 
ਬਦਨਾਮ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗਰੁੱਪ ਦਾ ਨਾਂ ਇਕ ਵਾਰ ਫਿਰ ਇਸ ਹੱਤਿਆਕਾਂਡ 'ਚ ਸਾਹਮਣੇ ਆਇਆ ਹੈ। ਗੋਗਾਮੇਦੀ ਦੇ ਕਤਲ ਤੋਂ ਤੁਰੰਤ ਬਾਅਦ, ਰੋਹਿਤ ਗੋਦਾਰਾ ਕਪੂਰੀਸਰ ਨਾਮ ਦੇ ਪ੍ਰੋਫਾਈਲ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਕਰਣੀ ਸੈਨਾ ਦੇ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਪੋਸਟ ਵਿੱਚ ਲਿਖੀਆਂ ਗੱਲਾਂ ਤੋਂ ਲੱਗਦਾ ਹੈ ਕਿ ਮੁਲਜ਼ਮ ਬਿਸ਼ਨੋਈ ਗੈਂਗ ਦਾ ਮੈਂਬਰ ਹੈ।
ਰਾਜਸਥਾਨ ਦੇ ਡੀਜੀਪੀ ਦਾ ਬਿਆਨ
ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਦੀ ਦੀ ਹੱਤਿਆ 'ਤੇ ਰਾਜਸਥਾਨ ਦੇ ਡੀਜੀਪੀ ਉਮੇਸ਼ ਮਿਸ਼ਰਾ ਨੇ ਕਿਹਾ ਕਿ ਕਰਣੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੇਦੀ ਦੀ ਅੱਜ ਜੈਪੁਰ 'ਚ ਹੱਤਿਆ ਕਰ ਦਿੱਤੀ ਗਈ। ਕਾਤਲ ਕੋਈ ਗੱਲ ਕਰਨ ਦੇ ਬਹਾਨੇ ਉਨ੍ਹਾਂ ਦੇ ਘਰ ਆਏ ਸਨ। ਇਸ ਘਟਨਾ ਵਿੱਚ ਸੁਖਦੇਵ ਸਿੰਘ ਗੋਗਾਮੇਦੀ ਅਤੇ ਉਨ੍ਹਾਂ ਦੇ ਇੱਕ ਅੰਗ ਰੱਖਿਅਕ ਨੂੰ ਗੋਲੀ ਲੱਗੀ ਸੀ। ਕਾਤਲਾਂ ਦੇ ਨਾਲ ਆਏ ਇੱਕ ਦੋਸ਼ੀ ਨੂੰ ਵੀ ਗੋਲੀ ਲੱਗੀ, ਜਿਸ ਦੀ ਮੌਤ ਹੋ ਗਈ। ਬਦਮਾਸ਼ਾਂ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਸੀਂ ਹਰਿਆਣਾ ਦੇ ਡੀਜੀ ਨਾਲ ਗੱਲ ਕੀਤੀ ਹੈ ਅਤੇ ਮਦਦ ਮੰਗੀ ਹੈ। ਰੋਹਿਤ ਗੋਦਾਰਾ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ, ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Aarti dhillon

Content Editor

Related News