ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਖੰਡ ਸਹਿਕਾਰੀ ਖੇਤਰ ਨੂੰ ਲਾਭ ਹੋਇਆ : ਸ਼ਾਹ
Sunday, Oct 05, 2025 - 08:52 PM (IST)

ਅਹਿਲਿਆਨਗਰ, (ਭਾਸ਼ਾ)- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤ ਦੇ ਖੰਡ ਸਹਿਕਾਰੀ ਖੇਤਰ ਨੂੰ ਕਾਫ਼ੀ ਲਾਭ ਹੋਇਆ ਹੈ।
ਮਹਾਰਾਸ਼ਟਰ ਦੇ ਅਹਿਲਿਆਨਗਰ ਜ਼ਿਲੇ ’ਚ ਡਾ. ਵਿੱਠਲ ਰਾਓ ਪਾਟਿਲ ਸਹਿਕਾਰੀ ਖੰਡ ਫੈਕਟਰੀ ਦੀ ਵਿਸਤ੍ਰਿਤ ਸਮਰੱਥਾ ਦਾ ਉਦਘਾਟਨ ਕਰਨ ਤੋਂ ਬਾਅਦ ਕਿਸਾਨ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਖੰਡ ਸਹਿਕਾਰੀ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਗੈਰ-ਪਿੜਾਈ ਸੀਜ਼ਨ ਦੌਰਾਨ ਵੀ ਮਲਟੀ-ਫੀਡ ਈਥਾਨਾਲ ਪੈਦਾ ਕਰਨ। ਈਥਾਨਾਲ ਮਿਸ਼ਰਣ ਨੇ ਖੰਡ ਸਹਿਕਾਰੀ ਸਭਾਵਾਂ ਦੀ ਆਰਥਿਕ ਸਥਿਤੀ ਨੂੰ ਬਦਲ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਭਾਰੀ ਮੀਂਹ ਤੋਂ ਪ੍ਰਭਾਵਿਤ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਏਗੀ। ਉਨ੍ਹਾਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਦੀ ਸੂਬੇ ਦੇ ਕਿਸਾਨਾਂ ਲਈ ਕੇਂਦਰੀ ਸਹਾਇਤਾ ਪ੍ਰਾਪਤ ਕਰਨ ਲਈ ਸ਼ਲਾਘਾ ਕੀਤੀ।