ਜਜ਼ਬੇ ਨੂੰ ਸਲਾਮ ; ਪੂਰੇ ਸਕੂਲ ''ਚ ਰਹਿ ਗਈ ਸਿਰਫ਼ 1 ਵਿਦਿਆਰਥਣ ! ਪੜ੍ਹਾਉਣ ਲਈ 5 KM ਪੈਦਲ ਚੱਲ ਕੇ ਆਉਂਦੇ Sir Ji

Tuesday, Sep 15, 2026 - 10:17 AM (IST)

ਜਜ਼ਬੇ ਨੂੰ ਸਲਾਮ ; ਪੂਰੇ ਸਕੂਲ ''ਚ ਰਹਿ ਗਈ ਸਿਰਫ਼ 1 ਵਿਦਿਆਰਥਣ ! ਪੜ੍ਹਾਉਣ ਲਈ 5 KM ਪੈਦਲ ਚੱਲ ਕੇ ਆਉਂਦੇ Sir Ji

ਕੋਲਹਾਪੁਰ- ਸਵੇਰੇ ਜਦੋਂ ਜ਼ਿਆਦਾਤਰ ਅਧਿਆਪਕ ਬੱਸ, ਕਾਰ ਜਾਂ ਹੋਰ ਸਾਧਨਾਂ ਨਾਲ ਸਕੂਲ ਪਹੁੰਚਦੇ ਹਨ, ਉੱਥੇ ਹੀ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਵਿਚ 55 ਸਾਲਾ ਅਧਿਆਪਕ ਜੀਵਨ ਮਿਆਰੀ ਰੋਜ਼ ਕਰੀਬ ਪੰਜ ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਦੇ ਹਨ। ਰਸਤੇ ਵਿਚ ਸੰਘਣਾ ਜੰਗਲ, ਤੇਜ਼ ਮੀਂਹ, ਤੇਂਦੁਏ ਅਤੇ ਜੰਗਲੀ ਝੋਟੇ ਵਰਗੇ ਜੰਗਲੀ ਜਾਨਵਰਾਂ ਦਾ ਖ਼ਤਰਾ ਰਹਿੰਦਾ ਹੈ। ਉਨ੍ਹਾਂ ਦਾ ਮਕਸਦ ਦੂਰ-ਦੁਰਾਡੇ ਇਲਾਕੇ ਦੇ ਇਕ ਸਕੂਲ ’ਚ ਪੜ੍ਹਨ ਵਾਲੀ ਇਕਲੌਤੀ ਵਿਦਿਆਰਥਣ ਦੀ ਪੜ੍ਹਾਈ ਨੂੰ ਜਾਰੀ ਰੱਖਣਾ ਹੈ।

13 ਸਾਲਾਂ ਤੋਂ ਨਿਭਾਅ ਰਹੇ ਹਨ ਜ਼ਿੰਮੇਵਾਰੀ

ਮਿਆਰੀ ਗਗਨਬਾਵੜਾ ਤਾਲੁਕਾ ਦੇ ਕਵਲਟੇਕ ਧਨਗਰਵਾੜਾ ਸਥਿਤ ਜ਼ਿਲ੍ਹਾ ਪ੍ਰੀਸ਼ਦ ਪ੍ਰਾਇਮਰੀ ਸਕੂਲ ’ਚ ਪਿਛਲੇ 13 ਸਾਲਾਂ ਤੋਂ ਪੜ੍ਹਾ ਰਹੇ ਹਨ। ਸਿੰਧੂਦੁਰਗ ਸਰਹੱਦ ਨਾਲ ਲੱਗਦੇ ਇਸ ਦੂਰ-ਦੁਰਾਡੇ ਪਿੰਡ ਵਿਚ ਬਿਜਲੀ ਤੱਕ ਨਹੀਂ ਹੈ ਅਤੇ ਸਕੂਲ ਤੱਕ ਵਾਹਨ ਪਹੁੰਚਣ ਲਈ ਸੜਕ ਵੀ ਨਹੀਂ ਹੈ। ਮੁੱਖ ਮਾਰਗ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਸਕੂਲ ਤੱਕ ਆਉਣ-ਜਾਣ ਲਈ ਮਿਆਰੀ ਨੂੰ ਰੋਜ਼ ਲਗਭਗ ਪੰਜ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ।

ਹਿਜ਼ਰਤ ਨੇ ਖਾਲੀ ਕਰ ਦਿੱਤਾ ਪੂਰਾ ਪਿੰਡ

ਇਕ ਸਮੇਂ ਕਵਲਟੇਕ ਅਤੇ ਆਨੰਦੁਰ ਧਨਗਰਵਾੜਾ ਵਿਚ 70 ਤੋਂ 100 ਪਰਿਵਾਰ ਰਹਿੰਦੇ ਸਨ। ਬੱਚਿਆਂ ਦੀ ਗਿਣਤੀ ਚੰਗੀ ਹੋਣ ਕਰ ਕੇ ਸਕੂਲ ਵੀ ਚਹਿਲ-ਪਹਿਲ ਨਾਲ ਭਰਿਆ ਰਹਿੰਦਾ ਸੀ। ਸਾਲ 2000 ਤੋਂ ਬਾਅਦ ਰੁਜ਼ਗਾਰ ਅਤੇ ਬਿਹਤਰ ਰੋਜ਼ੀ-ਰੋਟੀ ਦੀ ਭਾਲ ਵਿਚ ਪਿੰਡ ਵਾਸੀਆਂ ਨੇ ਕੋਲਹਾਪੁਰ ਸ਼ਹਿਰ ਵੱਲ ਜਾਣਾ ਸ਼ੁਰੂ ਕੀਤਾ। ਹੌਲੀ-ਹੌਲੀ ਪਿੰਡ ਉੱਜੜਦਾ ਗਿਆ ਅਤੇ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵੀ ਘਟਦੀ ਗਈ। ਹੁਣ ਇੱਥੇ ਸਰਕਾਰੀ ਤੌਰ ’ਤੇ ਤੀਜੀ ਜਮਾਤ ਵਿਚ ਪੜ੍ਹਨ ਵਾਲੀ ਸਵਰਾ ਬੋਡਕੇ ਹੀ ਇਕਲੌਤੀ ਵਿਦਿਆਰਥਣ ਹੈ।

ਤਾਅਨੇ-ਮਿਹਣਿਆਂ ਨੂੰ ਚੁਣੌਤੀ ਮੰਨ ਕੇ ਚੁਣੀ ਦੂਰ-ਦੁਰਾਡੀ ਪੋਸਟਿੰਗ

ਮਿਆਰੀ ਨੇ 26 ਜੁਲਾਈ 2013 ਨੂੰ ਇਸ ਸਕੂਲ ਵਿਚ ਪਹਿਲੀ ਵਾਰ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਕੋਲਹਾਪੁਰ ਜ਼ਿਲ੍ਹਾ ਪ੍ਰਾਇਮਰੀ ਅਧਿਆਪਕ ਸਹਿਕਾਰੀ ਬੈਂਕ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੇ ਕੁਝ ਸਾਥੀਆਂ ਨੇ ਕਦੇ ਤਾਅਨੇ-ਮਿਹਣੇ ਮਾਰੇ ਸਨ ਕਿ ਰਸੂਖਦਾਰ ਅਧਿਆਪਕ ਆਸਾਨ ਥਾਵਾਂ ’ਤੇ ਪੋਸਟਿੰਗ ਹਾਸਲ ਕਰ ਲੈਂਦੇ ਹਨ, ਜਦਕਿ ਆਮ ਅਧਿਆਪਕਾਂ ਨੂੰ ਦੂਰ-ਦੁਰਾਡੇ ਇਲਾਕਿਆਂ ਵਿਚ ਭੇਜ ਦਿੱਤਾ ਜਾਂਦਾ ਹੈ। ਮਿਆਰੀ ਨੇ ਇਸ ਟਿੱਪਣੀ ਨੂੰ ਚੁਣੌਤੀ ਵਜੋਂ ਲਿਆ ਅਤੇ ਖੁਦ ਇਸ ਪਿੰਡ ਵਿਚ ਤਬਾਦਲਾ ਕਰਵਾਇਆ।

ਜੰਗਲੀ ਜਾਨਵਰਾਂ ਦੇ ਖ਼ਤਰੇ ਵਿਚਾਲੇ ਤੈਅ ਹੁੰਦਾ ਹੈ ਰੋਜ਼ ਦਾ ਰਸਤਾ

ਸਕੂਲ ਤੱਕ ਪਹੁੰਚਣ ਦਾ ਰਸਤਾ ਜੰਗਲ ’ਚੋਂ ਹੋ ਕੇ ਲੰਘਦਾ ਹੈ ਅਤੇ ਇੱਥੇ ਜੰਗਲੀ ਜਾਨਵਰਾਂ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਮਿਆਰੀ ਦੇ ਮੁਤਾਬਕ, ਇਲਾਕੇ ਵਿਚ ਜੰਗਲੀ ਝੋਟੇ ਅਤੇ ਤੇਂਦੁਏ ਅਕਸਰ ਦਿਖਾਈ ਦਿੰਦੇ ਹਨ। ਇਕ ਵਾਰ ਬਸਤੀ ਨੇੜੇ ਤੇਂਦੁਏ ਨੇ ਵੱਛੇ ਦਾ ਸ਼ਿਕਾਰ ਕੀਤਾ ਸੀ। ਇਸ ਤੋਂ ਬਾਅਦ ਜੰਗਲਾਤ ਵਿਭਾਗ ਦੇ ਟ੍ਰੈਪ ਕੈਮਰਿਆਂ ਵਿਚ ਉਸ ਦੀਆਂ ਸੈਂਕੜੇ ਤਸਵੀਰਾਂ ਰਿਕਾਰਡ ਹੋਈਆਂ ਸਨ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਮਿਆਰੀ ਨੂੰ ਰਸਤੇ ਵਿਚ ਕਿਤੇ ਵੀ ਰੁਕਣ ਤੋਂ ਬਚਣ ਦੀ ਸਲਾਹ ਦਿੱਤੀ।

ਇਕ ਵਿਦਿਆਰਥਣ ਘੱਟ ਨਹੀਂ, ਜ਼ਿੰਮੇਵਾਰੀ ਵੱਡੀ ਹੈ

ਪਿੰਡ ਵਿਚ ਆਂਗਣਵਾੜੀ ਕੇਂਦਰ ਨਾ ਹੋਣ ਕਰ ਕੇ ਸਵਰਾ ਦੀ ਛੋਟੀ ਭੈਣ ਵੀ ਉਸ ਦੇ ਨਾਲ ਸਕੂਲ ਆਉਂਦੀ ਹੈ। ਉਹ ਅਗਲੇ ਸਾਲ ਪਹਿਲੀ ਜਮਾਤ ਵਿਚ ਦਾਖਲਾ ਲਵੇਗੀ। ਮਿਆਰੀ ਕਹਿੰਦੇ ਹਨ ਕਿ ਬੱਚਿਆਂ ਦੀ ਗਿਣਤੀ ਘੱਟ ਹੋਵੇ ਜਾਂ ਵੱਧ, ਅਧਿਆਪਕ ਦਾ ਫ਼ਰਜ਼ ਨਹੀਂ ਬਦਲਦਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਈਮਾਨਦਾਰੀ ਨਾਲ ਨਿਭਾਉਣੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News