ਹੁਣ ਨਸ਼ੇ ''ਚ ਗੱਡੀ ਚਲਾਈ ਤਾਂ ਹਮੇਸ਼ਾ ਲਈ ਰੱਦ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ!
Sunday, Oct 05, 2025 - 01:10 AM (IST)

ਗੁਰੂਗ੍ਰਾਮ - ਗੁਰੂਗ੍ਰਾਮ ਪ੍ਰਸ਼ਾਸਨ ਨੇ ਨਸ਼ੇ ਵਿੱਚ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ। ਜੇ ਕੋਈ ਸ਼ਖ਼ਸ ਸ਼ਰਾਬ ਜਾਂ ਨਸ਼ੀਲੀ ਦਵਾਈਆਂ ਦੇ ਅਸਰ ਵਿੱਚ ਗੱਡੀ ਚਲਾਉਂਦਾ ਪਾਇਆ ਗਿਆ, ਤਾਂ ਉਸਦਾ ਡਰਾਈਵਿੰਗ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਬਾਰ-ਬਾਰ ਉਲੰਘਣਾ ਕਰਨ 'ਤੇ ਲਾਇਸੈਂਸ ਹਮੇਸ਼ਾ ਲਈ ਰੱਦ (ਸਸਪੈਂਡ) ਕਰ ਦਿੱਤਾ ਜਾਵੇਗਾ। ਮੋਟਰ ਵਾਹਨ ਐਕਟ 1988 ਵਿੱਚ ਪਹਿਲਾਂ ਤੋਂ ਹੀ ਇਹ ਪ੍ਰਾਵਧਾਨ ਮੌਜੂਦ ਹਨ, ਪਰ ਹੁਣ ਪ੍ਰਸ਼ਾਸਨ ਨੇ ਇਨ੍ਹਾਂ ਨਿਯਮਾਂ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।
ਨਸ਼ੇ ਵਿੱਚ ਡਰਾਈਵਿੰਗ ਨਾਲ ਸੈਂਕੜੇ ਲੋਕਾਂ ਦੀ ਗਈ ਜਾਨ
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ, 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਗੁਰੂਗ੍ਰਾਮ ਵਿੱਚ 541 ਸੜਕ ਹਾਦਸੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 223 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਾਦਸਿਆਂ ਦਾ ਮੁੱਖ ਕਾਰਨ ਨਸ਼ੇ ਵਿੱਚ ਗੱਡੀ ਚਲਾਉਣਾ ਹੀ ਸੀ।
ਸਤੰਬਰ ਤੱਕ 5000 ਤੋਂ ਵੱਧ ਚਲਾਨ ਜਾਰੀ ਕੀਤੇ ਗਏ। ਪਿਛਲੇ ਸਾਲਾਂ ਵਿੱਚ ਇਹ ਅੰਕੜੇ 2024 ਵਿੱਚ 25,968 ਤੇ 2023 ਵਿੱਚ 5,181 ਰਹੇ ਸਨ।
ਇਨ੍ਹਾਂ ਇਲਾਕਿਆਂ ਵਿੱਚ ਸਭ ਤੋਂ ਵੱਧ ਹਾਦਸੇ
ਪੁਲਸ ਮੁਤਾਬਕ, ਨਸ਼ੇ ਵਿੱਚ ਡਰਾਈਵਿੰਗ ਦੇ ਜ਼ਿਆਦਾਤਰ ਮਾਮਲੇ ਸੈਕਟਰ 29, ਸਾਈਬਰ ਪਾਰਕ, ਐਮ.ਜੀ. ਰੋਡ, ਗੋਲਫ ਕੋਰਸ ਰੋਡ ਤੇ 32ਵੇਂ ਐਵਨਿਊ ਜਿਹੇ ਪਾਰਟੀ ਇਲਾਕਿਆਂ 'ਚ ਸਾਹਮਣੇ ਆਏ ਹਨ।
ਇਨ੍ਹਾਂ ਥਾਵਾਂ 'ਤੇ ਪਹਿਲਾਂ ਹੀ ਪੁਲਸ ਦੀ ਤਾਇਨਾਤੀ ਹੈ — ਜਿਵੇਂ ਐਮਬੀਅੰਸ ਮਾਲ, ਗੈਲੇਰੀਆ ਮਾਰਕੀਟ ਤੇ ਸੈਕਟਰ 29 ਹੁਡਾ ਮਾਰਕੀਟ, ਪਰ ਹੁਣ ਲਾਇਸੈਂਸ ਰੱਦ ਕਰਨ ਦੀ ਸਜ਼ਾ ਹੋਰ ਵੱਡਾ ਡਰ ਪੈਦਾ ਕਰ ਸਕਦੀ ਹੈ।
ਮੋਟਰ ਵਾਹਨ ਐਕਟ ਦੇ ਤਹਿਤ ਸਜ਼ਾਵਾਂ
ਧਾਰਾ 185 ਅਨੁਸਾਰ:
- ਪਹਿਲੀ ਵਾਰ ਦੋਸ਼ੀ ਪਾਏ ਜਾਣ 'ਤੇ ₹10,000 ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਵੇਂ।
- ਤਿੰਨ ਸਾਲਾਂ ਵਿੱਚ ਦੁਬਾਰਾ ਉਲੰਘਣਾ ਕਰਨ 'ਤੇ ₹15,000 ਜੁਰਮਾਨਾ ਤੇ 2 ਸਾਲ ਤੱਕ ਕੈਦ, ਨਾਲ ਹੀ ਡਰਾਈਵਿੰਗ ਲਾਇਸੈਂਸ ਹਮੇਸ਼ਾ ਲਈ ਰੱਦ ਕੀਤਾ ਜਾ ਸਕਦਾ ਹੈ।
ਪ੍ਰਸ਼ਾਸਨ ਹੋਰ ਸਖ਼ਤੀ ਲਿਆਉਣ ਦੀ ਤਿਆਰੀ 'ਚ
ਡਿਪਟੀ ਕਮਿਸ਼ਨਰ ਡੀਸੀ ਕੁਮਾਰ ਨੇ ਕਿਹਾ ਕਿ ਨਸ਼ੇ ਵਿੱਚ ਗੱਡੀ ਚਲਾਉਣ 'ਤੇ ਰੋਕ ਲਈ ਮੌਜੂਦਾ ਕਾਨੂੰਨਾਂ ਦਾ ਪੂਰਾ ਪਾਲਣ ਕਰਨਾ ਲਾਜ਼ਮੀ ਹੈ। ਜਿਲ੍ਹਾ ਪ੍ਰਸ਼ਾਸਨ ਹੁਣ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਹੋਰ ਸਖ਼ਤ ਕਰਨ ਜਾ ਰਿਹਾ ਹੈ, ਤਾਂ ਜੋ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।