ਰੇਹੜੀ ਲਾ ਕੇ ਪਾਲਦੇ ਸੀ ਟੱਬਰ ਦਾ ਢਿੱਡ, ਆਤਿਸ਼ਬਾਜ਼ੀ ਕਰ ਦਿੱਤਾ ਸਭ ਕੁਝ ਸੁਆਹ

Sunday, Nov 03, 2024 - 05:47 PM (IST)

ਰੇਹੜੀ ਲਾ ਕੇ ਪਾਲਦੇ ਸੀ ਟੱਬਰ ਦਾ ਢਿੱਡ, ਆਤਿਸ਼ਬਾਜ਼ੀ ਕਰ ਦਿੱਤਾ ਸਭ ਕੁਝ ਸੁਆਹ

ਟੋਹਾਣਾ- ਹਰਿਆਣਾ ਦੇ ਸ਼ਹਿਰ ਟੋਹਾਣਾ ਦੇ ਵਾਲਮੀਕੀ ਚੌਕ 'ਚ ਬਣੇ ਗੋਦਾਮ 'ਚ ਅੱਗ ਲੱਗਣ ਕਾਰਨ ਉੱਥੇ ਖੜ੍ਹੀਆਂ 5 ਰੇਹੜੀਆਂ, ਫਲ, ਸਬਜ਼ੀਆਂ ਤੇ ਜੁੱਤੀਆਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ। ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਪੀੜਤ ਰੇਹੜੀ ਵਾਲਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਸਕਣ। ਅੱਗ ਲੱਗਣ ਦਾ ਕਾਰਨ ਆਤਿਸ਼ਬਾਜ਼ੀ ਦੱਸਿਆ ਜਾ ਰਿਹਾ ਹੈ। ਗੋਦਾਮ ਦੇ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣਾ ਗੋਦਾਮ ਰੇਹੜੀ ਵਾਲਿਆਂ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ।

ਰੇਹੜੀ ਚਾਲਕ ਵਿੱਕੀ ਨੇ ਦੱਸਿਆ ਕਿ ਉਸ ਨੇ ਰੋਜ਼ਾਨਾ ਵਾਂਗ ਰਾਤ ਕਰੀਬ 10 ਵਜੇ ਗੋਦਾਮ ਵਿਚ ਆਪਣੀ ਰੇਹੜੀ ਖੜ੍ਹੀ ਕੀਤੀ ਸੀ। ਸਵੇਰੇ 5 ਵਜੇ ਰੇਹੜੀ ਲੈਣ ਲਈ ਗੋਦਾਮ ਵਿਚ ਆਏ ਤਾਂ ਵੇਖਿਆ ਕਿ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ। ਉਸ ਨੇ ਦੱਸਿਆ ਕਿ ਉਹ ਵਾਲਮੀਕੀ ਚੌਕ ਵਿਖੇ ਸਬਜ਼ੀਆਂ, ਫਲ ਅਤੇ ਜੁੱਤੀਆਂ ਵੇਚਣ ਦਾ ਕੰਮ ਕਰਦੇ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਦੀਵਾਲੀ 'ਤੇ ਚੰਗਾ ਕੰਮ ਹੋਵੇਗਾ ਪਰ ਦੇਰ ਰਾਤ ਆਤਿਸ਼ਬਾਜ਼ੀ ਕਾਰਨ ਉਸ ਦੀਆਂ ਦੋ ਰੇਹੜੀਆਂ ਸੜ ਕੇ ਸੁਆਹ ਹੋ ਗਈਆਂ।

PunjabKesari

ਓਧਰ ਸੁਨੀਲ ਨੇ ਦੱਸਿਆ ਕਿ ਉਹ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ ਪਰ ਦੇਰ ਰਾਤ ਅੱਗ ਲੱਗਣ ਕਾਰਨ ਉਸ ਦੀਆਂ ਜੁੱਤੀਆਂ ਦੇ 150 ਤੋਂ ਵੱਧ ਜੋੜੇ ਸੜ ਕੇ ਸੁਆਹ ਹੋ ਗਏ। ਇਕ ਹੋਰ ਰੇਹੜੀ ਵਾਲੇ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸ ਦਾ ਹਜ਼ਾਰਾਂ ਰੁਪਏ ਦਾ ਫਲ ਅਤੇ 15-15 ਹਜ਼ਾਰ ਰੁਪਏ ਦੀ ਕੀਮਤ ਵਾਲੀਆਂ 5 ਰੇਹੜੀਆਂ ਸੜ ਕੇ ਸੁਆਹ ਹੋ ਗਈਆਂ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕਰਦੇ ਹਨ ਤਾਂ ਜੋ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।


author

Tanu

Content Editor

Related News