ਆਂਧਰਾ ਪ੍ਰਦੇਸ਼ ’ਚ ਤੂਫ਼ਾਨ ‘ਅਸਾਨੀ’ ਪਿਆ ਕਮਜ਼ੋਰ, ਮੋਹਲੇਧਾਰ ਮੀਂਹ ਪੈਣ ਦੇ ਆਸਾਰ
Thursday, May 12, 2022 - 03:32 PM (IST)
ਹੈਦਰਾਬਾਦ– ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕੇ ’ਚ ਚੱਕਰਵਾਤੀ ਤੂਫ਼ਾਨ ‘ਅਸਾਨੀ’ ਕਮਜ਼ੋਰ ਹੋ ਕੇ ਵੀਰਵਾਰ ਸਵੇਰੇ 8.30 ਵਜੇ ਘੱਟ ਦਬਾਅ ਦੇ ਖੇਤਰ ’ਚ ਤਬਦੀਲ ਹੋ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 12 ਘੰਟਿਆਂ ਦੌਰਾਨ ਘੱਟ ਦਬਾਅ ਦੇ ਖੇਤਰ ਦੇ ਹੋਰ ਕਮਜ਼ੋਰ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਦੀਆਂ ਕਈ ਥਾਵਾਂ ’ਤੇ ਹਲਕਾ-ਹਲਕਾ ਮੀਂਹ ਪੈਣ ਦੇ ਨਾਲ ਵੱਖ-ਵੱਖ ਥਾਵਾਂ ’ਤੇ ਮੋਹਲੇਧਾਰ ਮੀਂਹ ਪੈਣ ਦਾ ਅਨੁਮਾਨ ਹੈ।
ਰਾਏਲਸੀਮਾ ’ਚ ਵੱਖ-ਵੱਖ ਥਾਵਾਂ ’ਤੇ ਮੋਹਲੇਧਾਰ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ’ਚ ਤੱਟੀ ਆਂਧਰਾ ਪ੍ਰਦੇਸ਼ ਅਤੇ ਇਸ ਨਾਲ ਲੱਗਦੇ ਪੱਛਮੀ-ਮੱਧ ਬੰਗਾਲ ਦੀ ਖਾੜੀ ’ਚ ਹਵਾ ਦੀ ਰਫ਼ਤਾਰ 40-50 ਕਿਲੋਮੀਟਰ ਪ੍ਰਤੀ ਘੰਟੇ ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀ ਹੈ। ਅਗਲੇ 24 ਘੰਟਿਆਂ ਵਿਚ ਪੱਛਮੀ ਮੱਧ ਬੰਗਾਲ ਦੀ ਖਾੜੀ ’ਚ ਸਮੁੰਦਰ ਦੀ ਸਥਿਤੀ ਬਦਲ ਸਕਦੀ ਹੈ, ਹਾਲਾਂਕਿ 24 ਘੰਟੇ ਬਾਅਦ ਉਸ ’ਚ ਸੁਧਾਰ ਹੋਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਪੱਛਮੀ-ਮੱਧ ਬੰਗਾਲ ਦੀ ਖਾੜੀ ਅਤੇ ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।