ਨਹੀਂ ਮੰਨਦੀ ਜਨਤਾ! ਲਾਕਡਾਊਨ ਲਾਗੂ ਕਰਵਾ ਰਹੀ ਪੁਲਸ ''ਤੇ ਸੁੱਟੇ ਪੱਥਰ

04/28/2020 12:11:59 PM

ਸੂਰਤ (ਭਾਸ਼ਾ)— ਗੁਜਰਾਤ ਦੇ ਸੂਰਤ ਸ਼ਹਿਰ ਦੇ ਇਕ ਇਲਾਕੇ ਵਿਚ ਮੰਗਲਵਾਰ ਦੀ ਸਵੇਰ ਨੂੰ ਲਾਕਡਾਊਨ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਕਰਮਚਾਰੀਆਂ 'ਤੇ ਕੁਝ ਸਥਾਨਕ ਲੋਕਾਂ ਨੇ ਪੱਥਰ ਸੁੱਟੇ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਸੂਤਰ ਦੇ ਪੁਲਸ ਡਿਪਟੀ ਕਮਿਸ਼ਨਰ ਆਰ. ਪੀ. ਬਰੋਤ ਨੇ ਦੱਸਿਆ ਕਿ ਪੁਲਸ ਕਰਮਚਾਰੀਆਂ 'ਤੇ ਹਮਲਾ ਕਰਨ ਦੇ ਦੋਸ਼ ਵਿਚ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਡਿੰਡੋਲੀ ਇਲਾਕੇ ਵਿਚ ਇਕ ਥਾਂ 'ਤੇ ਲਾਕਡਾਊਨ ਨੂੰ ਪ੍ਰਭਾਵੀ ਬਣਾਉਣ ਲਈ ਪੀ. ਸੀ. ਆਰ. ਵੈਨ ਦੇ ਪਹੁੰਚਣ 'ਤੇ ਕੁਝ ਸਥਾਨਕ ਲੋਕ ਭੜਕ ਗਏ। ਬਰੋਤ ਨੇ ਕਿਹਾ ਕਿ ਸਾਨੂੰ ਜਦੋਂ ਪਤਾ ਲੱਗਾ ਕਿ ਇਲਾਕੇ ਵਿਚ ਲੋਕ ਘੁੰਮ ਰਹੇ ਹਨ ਅਤੇ ਲਾਕਡਾਊਨ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਤਾਂ ਅਸੀਂ ਉੱਥੇ ਇਕ ਪੀ. ਸੀ. ਆਰ. ਵੈਨ ਭੇਜੀ।

ਪੁਲਸ ਨੇ ਜਦੋਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਨੂੰ ਕਿਹਾ ਤਾਂ ਕੁਝ ਲੋਕ ਭੜਕ ਗਏ ਅਤੇ ਉਨ੍ਹਾਂ ਨੇ ਪੁਲਸ ਕਰਮਚਾਰੀਆਂ 'ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਇਕ ਪੁਲਸ ਕਰਮਚਾਰੀ ਨੂੰ ਸੱਟਾਂ ਲੱਗੀਆਂ ਹਨ। ਬਰੋਤ ਨੇ ਦੱਸਿਆ ਕਿ 5 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਨਾਲ ਹੀ ਕਿਹਾ ਕਿ ਇਲਾਕੇ ਵਿਚ ਵਾਧੂ ਪੁਲਸ ਫੋਰਸ ਭੇਜੀ ਗਈ ਹੈ ਅਤੇ ਸਥਿਤੀ ਕੰਟਰੋਲ ਵਿਚ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੀੜਤ ਮਰੀਜ਼ਾਂ ਦੀ ਗਿਣਤੀ 29 ਹਜ਼ਾਰ ਤੋਂ ਪਾਰ ਹੋ ਗਈ ਹੈ। ਕੋਰੋਨਾ ਵਾਇਰਸ ਕਰ ਕੇ ਲਾਕਡਾਊਨ ਲਾਗੂ ਹੈ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਪਰ ਕੁਝ ਲੋਕ ਲਾਕਡਾਊਨ ਨੂੰ ਮਜ਼ਾਕ ਸਮਝ ਰਹੇ ਹਨ।


Tanu

Content Editor

Related News