''ਸਰਦਾਰ'' ਦੀ ਮੂਰਤੀ ਨੂੰ ਦੇਖਦੇ ਹੋਏ ਮੋਦੀ ਨੇ ਕਿਹਾ- ਅੱਜ ਮੇਰਾ ਸੁਪਨਾ ਹੋਇਆ ਪੂਰਾ
Wednesday, Oct 31, 2018 - 05:07 PM (IST)

ਗੁਜਰਾਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 'ਸਟੈਚੂ ਆਫ ਯੂਨਿਟੀ' ਨੂੰ ਰਾਸ਼ਟਰ ਨੂੰ ਸਮਰਪਿਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮੂਰਤੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ। ਅੱਜ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਰਹੇ ਵੱਲਭ ਭਾਈ ਪਟੇਲ ਦੀ ਜਯੰਤੀ ਮੌਕੇ ਅੱਜ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਸਰੋਵਰ ਬੰਨ੍ਹ ਕੋਲ ਸਾਧੂ ਬੇਟ ਟਾਪੂ 'ਤੇ ਇਸ ਮੂਰਤੀ ਦੀ ਘੁੰਡ ਚੁਕਾਈ ਕੀਤੀ। ਇਸ ਮਗਰੋਂ ਪੀ. ਐੱਮ. ਮੋਦੀ ਨੇ ਰਾਸ਼ਟਰ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਵੱਲਭ ਜੀ ਦੀ ਇਹ ਮੂਰਤੀ ਦੇਸ਼ ਦੇ ਸਵੈ-ਮਾਣ ਦਾ ਪ੍ਰਤੀਕ ਹੈ। ਅੱਜ ਪੂਰਾ ਦੇਸ਼ ਰਾਸ਼ਟਰੀ ਏਕਤਾ ਦਿਵਸ ਮਨਾ ਰਿਹਾ ਹੈ। ਇਹ ਮੂਰਤੀ ਭਾਰਤ ਦੇ ਅਕਸ 'ਤੇ ਸਵਾਲ ਚੁੱਕਣ ਵਾਲਿਆਂ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਰਾਸ਼ਟਰ ਸਦਾ ਇਕ ਰਹੇਗਾ। ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਤੰਤਰ ਨਾਲ ਆਮ ਜਨਤਾ ਨੂੰ ਜੋੜਨ ਲਈ ਉਹ ਹਮੇਸ਼ਾ ਸਮਰਪਿਤ ਰਹੇ ਹਨ। ਇਹ ਮੂਰਤੀ ਕਿਸਾਨਾਂ ਨੂੰ ਵੀ ਸਮਰਪਿਤ ਹੈ।
#WATCH: Sardar Vallabhbhai Patel's #StatueOfUnity inaugurated by Prime Minister Narendra Modi in Gujarat's Kevadiya pic.twitter.com/APnxyFACFT
— ANI (@ANI) October 31, 2018
ਅੱਜ ਜੋ ਸਫਰ ਇਕ ਪੜਾਅ ਤਕ ਪਹੁੰਚਿਆ ਹੈ, ਉਸ ਦੀ ਯਾਤਰਾ 8 ਸਾਲ ਪਹਿਲਾਂ ਅੱਜ ਦੇ ਹੀ ਦਿਨ ਸ਼ੁਰੂ ਹੋਈ ਸੀ। ਉਹ ਦਿਨ ਸੀ 31 ਅਕਤੂਬਰ 2010 ਦਾ, ਇਸ ਦਿਨ ਮੈਂ ਆਪਣੇ ਵਿਚਾਰ ਸਾਰਿਆਂ ਦੇ ਸਾਹਮਣੇ ਰੱਖੇ ਸਨ ਕਿ ਵੱਲਭ ਜੀ ਨੂੰ ਸਨਮਾਨ ਦੇਣ ਲਈ ਉਨ੍ਹਾਂ ਦੀ ਮੂਰਤੀ ਨੂੰ ਬਣਾਇਆ ਜਾਵੇ। ਮੋਦੀ ਨੇ ਕਿਹਾ ਕਿ ਮੂਰਤੀ ਦੇ ਆਲੇ-ਦੁਆਲੇ ਟੂਰਿਸਟ ਸਪਾਟ ਵਿਕਸਿਤ ਹੋਵੇਗਾ। ਅਸੀਂ ਇਤਿਹਾਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਮੁਹਿੰਮ ਨੂੰ ਕੁਝ ਲੋਕ ਰਾਜਨੀਤੀ ਨਾਲ ਜੋੜਨ ਦਾ ਕੰਮ ਕਰ ਰਹੇ ਹਨ। ਸਰਦਾਰ ਪਟੇਲ ਵਰਗੇ ਮਹਾਪੁਰਸ਼ਾਂ, ਦੇਸ਼ ਦੇ ਸਪੂਤਾਂ ਦੀ ਪ੍ਰਸ਼ੰਸਾ ਕਰਨ ਲਈ ਵੀ ਸਾਡੀ ਆਲੋਚਨਾ ਹੋ ਰਹੀ ਹੈ। ਕੁਝ ਲੋਕਾਂ ਵਲੋਂ ਵਿਰੋਧ ਕਰ ਕੇ ਅਜਿਹਾ ਅਨੁਭਵ ਕਰਾਇਆ ਜਾਂਦਾ ਹੈ ਕਿ ਮੰਨੋ ਅਸੀਂ ਬਹੁਤ ਵੱਡਾ ਅਪਰਾਧ ਕਰ ਦਿੱਤਾ ਹੈ।
ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦੇਸ਼ ਨੂੰ ਵੰਡਣ ਵਾਲੀ ਹਰ ਤਰ੍ਹਾਂ ਦੀ ਕੋਸ਼ਿਸ਼ ਦਾ ਪੁਰਜ਼ੋਰ ਜਵਾਬ ਦੇਈਏ। ਇਸ ਲਈ ਸਾਨੂੰ ਹਰ ਤਰ੍ਹਾਂ ਨਾਲ ਸੁਚੇਤ ਰਹਿਣਾ ਚਾਹੀਦਾ ਹੈ। ਸਮਾਜ ਦੇ ਤੌਰ 'ਤੇ ਇਕਜੁਟ ਰਹਿਣਾ ਹੈ। ਅੱਜ ਦੇਸ਼ ਲਈ ਸੋਚਣ ਵਾਲੇ ਨੌਜਵਾਨਾਂ ਦੀ ਸ਼ਕਤੀ ਸਾਡੇ ਕੋਲ ਹੈ। ਦੇਸ਼ ਦੇ ਵਿਕਾਸ ਲਈ ਇਹ ਇਕ ਰਸਤਾ ਹੈ, ਜਿਸ ਨੂੰ ਲੈ ਕੇ ਸਾਨੂੰ ਅੱਗੇ ਵਧਣਾ ਹੈ। ਦੇਸ਼ ਦੀ ਏਕਤਾ, ਅਖੰਡਤਾ ਨੂੰ ਬਣਾ ਕੇ ਰੱਖਣਾ, ਇਕ ਅਜਿਹੀ ਜ਼ਿੰਮੇਵਾਰੀ ਹੈ, ਜੋ ਸਰਦਾਰ ਸਾਹਿਬ ਸਾਨੂੰ ਦੇ ਕੇ ਗਏ ਹਨ।
ਮੋਦੀ ਨੇ ਅੱਗੇ ਕਿਹਾ ਕਿ ਹਰ ਪਿੰਡ ਨੂੰ ਸੜਕ ਨਾਲ ਜੋੜਨ, ਡਿਜ਼ੀਟਲ ਕਨੈਕਟੀਵਿਟੀ ਨਾਲ ਜੋੜਨ ਦਾ ਕੰਮ ਵੀ ਤੇਜ਼ ਰਫਤਾਰ ਨਾਲ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਅੱਜ ਹਰ ਘਰ ਵਿਚ ਗੈਸ ਕਨੈਕਸ਼ਨ ਪਹੁੰਚਾਉਣ ਦੀ ਕੋਸ਼ਿਸ਼ ਨਾਲ ਹੀ ਦੇਸ਼ ਦੇ ਹਰ ਘਰ ਵਿਚ ਟਾਇਲਟ ਦੀ ਸਹੂਲਤ ਪਹੁੰਚਾਉਣ ਦਾ ਕੰਮ ਹੋ ਰਿਹਾ ਹੈ। ਅਸੀਂ ਦੇਸ਼ ਦੇ ਹਰ ਬੇਘਰ ਨੂੰ ਪੱਕਾ ਘਰ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ। ਅਸੀਂ ਉਨ੍ਹਾਂ 18,000 ਪਿੰਡਾਂ ਤਕ ਬਿਜਲੀ ਪਹੁੰਚਾਉਣ ਹੈ, ਜਿੱਥੇ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬਿਜਲੀ ਨਹੀਂ ਪਹੁੰਚੀ ਸੀ।