''ਟੋਮੈਟੋ ਫਲੂ'' ਨੂੰ ਫੈਲਣ ਤੋਂ ਰੋਕਣ ਲਈ ਚੌਕਸੀ ਉਪਾਵਾਂ ਦੀ ਪਾਲਣਾ ਕਰਨ ਸੂਬੇ : ਕੇਂਦਰ ਸਰਕਾਰ
Wednesday, Aug 24, 2022 - 10:13 AM (IST)
ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਦੇਸ਼ 'ਚ ਬੱਚਿਆਂ ਵਿਚ 'ਟੋਮੈਟੋ ਫਲੂ' ਦੇ 82 ਤੋਂ ਵੱਧ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਨੇ ਮੰਗਲਵਾਰ ਨੂੰ ਸੂਬਾ ਸਰਕਾਰਾਂ ਨੂੰ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਸ ਵਾਇਰਲ ਬਿਮਾਰੀ ਦੇ ਇਲਾਜ ਲਈ ਕੋਈ ਖਾਸ ਦਵਾਈ ਨਹੀਂ ਹੈ। ਇਹ ਬਿਮਾਰੀ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ (HFMD) ਦਾ ਇਕ ਰੂਪ ਪ੍ਰਤੀਤ ਹੁੰਦਾ ਹੈ। ਇਹ ਮੁੱਖ ਤੌਰ 'ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਹੁੰਦਾ ਹੈ ਪਰ ਬਾਲਗ ਵੀ ਇਸ ਦੇ ਸ਼ਿਕਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਮੈਡੀਕਲ ਜਾਂਚ ਲਈ ਵਿਦੇਸ਼ ਜਾਵੇਗੀ ਸੋਨੀਆ ਗਾਂਧੀ, ਬੀਮਾਰ ਮਾਂ ਨਾਲ ਵੀ ਕਰੇਗੀ ਮੁਲਾਕਾਤ
ਕੇਂਦਰ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਬਿਮਾਰੀ ਦੇ ਲੱਛਣਾਂ ਅਤੇ ਇਸਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਨੇ ਕਿਹਾ ਕਿ ਹਾਲਾਂਕਿ 'ਟੋਮੈਟੋ ਫਲੂ' ਹੋਰ ਵਾਇਰਲ ਇਨਫੈਕਸ਼ਨਾਂ ਵਾਂਗ ਲੱਛਣ (ਜਿਵੇਂ ਬੁਖ਼ਾਰ, ਥਕਾਵਟ, ਸਰੀਰ ਵਿਚ ਦਰਦ ਅਤੇ ਚਮੜੀ 'ਤੇ ਧੱਫੜ) ਦਿਖਾਉਂਦਾ ਹੈ ਪਰ ਇਸ ਵਾਇਰਸ ਦਾ ਸਾਰਸ-ਕੋਵ-2, ਮੰਕੀਪਾਕਸ, ਡੇਂਗੂ ਜਾਂ ਚਿਕਨਗੁਨੀਆ ਨਾਲ ਕੋਈ ਸਬੰਧ ਨਹੀਂ ਹੈ। ਇਸ ਸਾਲ 6 ਮਈ ਨੂੰ ਕੇਰਲ ਦੇ ਕੋਲਮ ਜ਼ਿਲ੍ਹੇ ਵਿਚ 'ਟੋਮੈਟੋ ਫਲੂ' ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਤੱਕ 82 ਤੋਂ ਵੱਧ ਮਾਮਲੇ ਸਾਹਮਣੇ ਆਉਣ ਦੀ ਸੂਚਨਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ