ਜੇਤਲੀ ਮਾਣਹਾਨੀ ਕੇਸ: ਸਿਸੌਦੀਆ ਦਾ ਬਿਆਨ- ਨਹੀਂ ਹਟਾਏ ਗਏ ਜੇਠਮਲਾਨੀ

05/26/2017 6:00:20 PM

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਮਾਣਹਾਨੀ ਕੇਸ ਤੋਂ ਹਟਾਏ ਜਾਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਦਰਅਸਲ ਖਬਰ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਠਮਲਾਨੀ ਨੂੰ ਆਪਣੇ ਵਕੀਲ ਦੇ ਤੌਰ 'ਤੇ ਹਟਾ ਦਿੱਤਾ ਹੈ, ਕਿਉਂਕਿ ਅਰੁਣ ਜੇਤਲੀ ਨੇ ਹਾਈ ਕੋਰਟ 'ਚ ਮਾਣਹਾਨੀ ਕੇਸ ਦੀ ਸੁਣਵਾਈ ਦੌਰਾਨ ਜੇਠਮਲਾਨੀ ਦੀ ਇਕ ਟਿੱਪਣੀ ਤੋਂ ਬਾਅਦ ਕੇਜਰੀਵਾਲ 'ਤੇ 10 ਕਰੋੜ ਰੁਪਏ ਦਾ ਇਕ ਹੋਰ ਕੇਸ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਮਾਣਹਾਨੀ ਮਾਮਲੇ 'ਚ ਪਿਛਲੀ ਸੁਣਵਾਈ ਦੌਰਾਨ ਜੇਠਮਲਾਨੀ ਨੇ ਜੇਤਲੀ ਲਈ 'ਕਰੂਕ' (ਸ਼ਾਤਰ) ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਸ਼ਬਦ ਨਾਲ ਜੇਤਲੀ ਗੁੱਸੇ 'ਚ ਆ ਗਏ ਅਤੇ ਦੋਹਾਂ ਪੱਖਾਂ ਦਰਮਿਆਨ ਤਿੱਖੀ ਬਹਿਸ ਹੋਈ, ਜਿਸ ਤੋਂ ਬਾਅਦ ਕੋਰਟ ਨੂੰ ਸੁਣਵਾਈ ਵੀ ਮੁਲਤਵੀ ਕਰਨੀ ਪਈ। ਜੇਠਮਲਾਨੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਮੁਵਕਿਲ ਕੇਜਰੀਵਾਲ ਦੇ ਕਹਿਣ 'ਤੇ ਇਸ ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਜੇਤਲੀ ਨੇ ਕੇਜਰੀਵਾਲ ਦੇ ਖਿਲਾਫ 10 ਕਰੋੜ ਦਾ ਮਾਣਹਾਨੀ ਦਾ ਇਕ ਹੋਰ ਕੇਸ ਦਰਜ ਕਰਵਾਇਆ।


Related News