ਸ਼੍ਰੀਨਗਰ ’ਚ ਸਰਪੰਚ ਦੇ ਕਤਲ ’ਚ ਸ਼ਾਮਲ ਲਸ਼ਕਰ ਦੇ 3 ਅੱਤਵਾਦੀ ਢੇਰ

03/17/2022 11:11:34 AM

ਸ਼੍ਰੀਨਗਰ– ਸ਼੍ਰੀਨਗਰ ਸ਼ਹਿਰ ਦੇ ਬਾਹਰੀ ਇਲਾਕੇ ਵਿਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲੇ ਵਿਚ ਬੁੱਧਵਾਰ ਨੂੰ ਲਸ਼ਕਰ-ਏ-ਤੋਇਬਾ ਦੇ 3 ਅੱਤਵਾਦੀ ਮਾਰੇ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਨੌਗਾਮ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਤਲਾਸ਼ੀ ਮੁਹਿੰਮ ਚਲਾਈ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਕਸ਼ਮੀਰ ਦੇ ਆਈ. ਜੀ. ਪੀ. ਵਿਜੇ ਕੁਮਾਰ ਨੇ ਕਿਹਾ ਕਿ ਅੱਤਵਾਦੀਆਂ ਦੀ ਪਛਾਣ ਸ਼ੋਪੀਆਂ ਦੇ ਆਦਿਲ ਤੇਲੀ ਅਤੇ ਸਾਕਿਬ ਤਾਂਤਰੇ ਵਜੋਂ ਹੋਈ ਹੈ। ਤੀਜਾ ਅੱਤਵਾਦੀ ਸ਼ਾਇਦ ਉਮਰ ਤੇਲੀ ਹੈ। ਅਸੀਂ ਪਛਾਣ ਲਈ ਉਨ੍ਹਾਂ ਦੇ ਪਰਿਵਾਰ ਨੂੰ ਬੁਲਾਇਆ ਹੈ। ਇਹ ਤਿੰਨੋਂ ਲਸ਼ਕਰ-ਏ-ਤੋਇਬਾ ਦੇ ਸਥਾਨਕ ਅੱਤਵਾਦੀ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਤੋਂ ਇਕ ਏ. ਕੇ.-47 ਅਤੇ 2 ਬੰਦੂਕਾਂ ਬਰਾਮਦ ਹੋਈਆਂ ਹਨ। ਆਈ. ਜੀ. ਪੀ. ਨੇ ਦੱਸਿਆ ਕਿ ਇਹ ਤਿੰਨੋਂ ਸ਼ਹਿਰ ਦੇ ਖੋਨਮੋਹ ਇਲਾਕੇ ਵਿਚ 9 ਮਾਰਚ ਨੂੰ ਹੋਏ ਇਕ ਸਰਪੰਚ ਦੇ ਕਤਲ ਵਿਚ ਸ਼ਾਮਲ ਸਨ। ਉਹ ਪੰਚਾਇਤੀ ਰਾਜ ਸੰਸਥਾ ਦੇ ਮੈਂਬਰਾਂ ਅਤੇ ਸੁਰੱਖਿਅਤ ਲੋਕਾਂ ’ਤੇ ਹਮਲੇ ਕਰਦੇ ਸਨ।

ਕੁਮਾਰ ਨੇ ਕਿਹਾ ਕਿ ਇਹ ਮੁਹਿੰਮ ਪੁਲਸ ਲਈ ਇਕ ਵੱਡੀ ਸਫਲਤਾ ਹੈ। ਅਸੀਂ ਬਡਗਾਮ ਵਿਚ ਸੂਬਾਈ ਫੌਜ ਦੇ ਇਕ ਜਵਾਨ ਸਮੇਤ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਸਰਪੰਚਾਂ ਆਦਿ ਦੀਆਂ ਹਾਲ ਹੀ ਦੀਆਂ ਹੱਤਿਆਵਾਂ ਵਿਚ ਸ਼ਾਮਲ ਸਾਰੇ ਮਾਡਿਊਲ ਦਾ ਭਾਂਡਾ ਭੰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਹੀਂ ਚਾਹੁੰਦਾ ਕਿ ਲੋਕਤੰਤਰਿਕ ਪ੍ਰਕਿਰਿਆ ਜਾਂ ਵਿਕਾਸ ਜਾਰੀ ਰਹੇ, ਇਸ ਲਈ ਪੰਚਾਂ-ਸਰਪੰਚਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਪਰ ਅਸੀਂ ਉਨ੍ਹਾਂ ਨੂੰ ਮੂੰਹ-ਤੋੜ ਜਵਾਬ ਦੇ ਰਹੇ ਹਾਂ।


Rakesh

Content Editor

Related News