ਪਟਨਾ ਸਾਹਿਬ ਦੀ ਪਵਿੱਤਰ ਧਰਤੀ ’ਤੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਸੰਪੰਨ

01/21/2021 11:35:16 AM

ਸ੍ਰੀ ਪਟਨਾ ਸਾਹਿਬ- ਬਾਦਸ਼ਾਹ ਦਰਵੇਸ਼ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਦਿਹਾੜਾ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਰਧਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਥਾਈਲੈਂਡ, ਪੱਛਮੀ ਬੰਗਾਲ, ਬੈਂਗਲੂਰ ਸਮੇਤ ਕਈ ਥਾਵਾਂ ਤੋਂ ਆਏ ਵੱਖਰੀ ਕਿਸਮ ਦੇ ਫੁੱਲਾਂ ਨਾਲ ਸਜਾਇਆ ਗਿਆ। ਸੈਂਕੜੇ ਤਰ੍ਹਾਂ ਦੇ ਵਿਦੇਸ਼ੀ ਫੁੱਲਾਂ ਨਾਲ ਤਖ਼ਤ ਸਾਹਿਬ ਦਾ ਚੌਗਿਰਦਾ ਮਹਿਕ ਉੱਠਿਆ। ਦੁਨੀਆਂ ਭਰ ਤੋਂ ਆਈ ਸੰਗਤ ਨੇ ਸ਼ਰਧਾ ਭਾਵਨਾ ਨਾਲ ਗੁਰੂ ਦਰ ’ਤੇ ਮੱਥਾ ਟੇਕਿਆ। ਇਸ ਵਾਰ ਗੁਰਪੁਰਬ ਮੌਕੇ ਪਿਛਲੇ ਵਰ੍ਹੇ ਨਾਲੋਂ ਪਟਨਾ ਸਾਹਿਬ ਵਿਖੇ ਸੰਗਤ ਦੀ ਆਮਦ ਘੱਟ ਰਹੀ, ਜਿਸ ਦਾ ਕਾਰਨ ਕੋਰੋਨਾ ਮਹਾਮਾਰੀ ਤੇ ਕਿਸਾਨੀ ਸੰਘਰਸ਼ ਮੰਨਿਆ ਗਿਆ। ਗੁਰਪੁਰਬ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤ ਗੁਰੂ ਚਰਨਾਂ ’ਚ ਨਤਮਸਤਕ ਹੋਈ। ਤਖ਼ਤ ਸਾਹਿਬ ਤੋਂ ਜਿੱਥੇ ਸੰਗਤ ਨੇ ਗੁਰਬਾਣੀ ਪ੍ਰਵਾਹ ਤੇ ਗੁਰ ਇਤਿਹਾਸ ਦਾ ਆਨੰਦ ਮਾਣਿਆ, ਉਥੇ ਹੀ ਹਰ ਰੋਜ਼ ਧਰਨੇ ’ਤੇ ਬੈਠੇ ਕਿਸਾਨਾਂ ਦੀ ਚੜ੍ਹਦੀਕਲਾ ਦੀ ਅਰਦਾਸ ਵੀ ਹੁੰਦੀ ਰਹੀ। ਦੂਜੇ ਪਾਸੇ ਤਖ਼ਤ ਸਾਹਿਬ ਦੇ ਨਾਲ ਸਾਲਸ ਰਾਏ ਜ਼ੌਹਰੀ ਦੀਵਾਨ ਹਾਲ ’ਚ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਕਥਾਵਾਚਕ ਤੇ ਸੰਤਾਂ-ਮਹਾਪੁਰਸ਼ਾਂ ਨੇ ਸੰਗਤ ਨੂੰ ਹਰਜਸ ਸਰਵਣ ਕਰਾਇਆ। ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਵੱਖ-ਵੱਖ ਧਾਰਮਿਕ ਤੇ ਰਾਜਨੀਤਕ ਸ਼ਖਸੀਅਤਾਂ ਨੇ ਵੀ ਦੀਵਾਨ ਹਾਲ ਵਿਖੇ ਹਾਜ਼ਰੀ ਲਗਵਾਈ।

PunjabKesariਜਥੇਦਾਰ ਰਣਜੀਤ ਸਿੰਘ ਗੌਹਰ ਨੇ ਦਿੱਤਾ ਕੌਮ ਦੇ ਨਾਂ ਸੰਦੇਸ਼
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਸਮੁੱਚੀ ਕੌਮ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਨੇ ਦਸਵੇਂ ਪਾਤਸ਼ਾਹ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਤਖ਼ਤ ਸਾਹਿਬ ਵਿਖੇ ਆਈਆਂ ਸਮੁੱਚੀਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ। ਮੌਜੂਦਾ ਸਮੇਂ ’ਚ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਤਖ਼ਤ ਸਾਹਿਬ ਤੋਂ ਮਨੁੱਖਤਾ ਦੀ ਭਲਾਈ ਲਈ ਸਮੇਂ-ਸਮੇਂ ’ਤੇ ਅਰਦਾਸ ਹੁੰਦੀ ਰਹੀ ਹੈ ਅਤੇ ਅੱਗੇ ਵੀ ਹੁੰਦੀ ਰਹੇਗੀ। 


DIsha

Content Editor

Related News