ਖ਼ਰਾਬ ਮੌਸਮ ਕਾਰਨ ਲਗਾਤਾਰ ਦੂਜੇ ਦਿਨ ਮੁਲਤਵੀ ਰਹੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ
Saturday, May 27, 2023 - 12:40 PM (IST)
ਗੋਪੇਸ਼ਵਰ (ਭਾਸ਼ਾ)- ਮੀਂਹ ਅਤੇ ਬਰਫ਼ਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਗਾਤਾਰ ਦੂਜੇ ਦਿਨ ਸ਼ੁੱਕਰਵਾਰ ਨੂੰ ਵੀ ਮੁਲਤਵੀ ਰਹੀ। ਚਮੋਲੀ ਦੇ ਪੁਲਸ ਸੁਪਰਡੈਂਟ ਪ੍ਰਮੇਂਦਰ ਡੋਬਾਲ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ 'ਤੇ ਮੀਂਹ ਅਤੇ ਬਰਫ਼ ਪੈ ਰਹੀ ਹੈ, ਅਜਿਹੇ 'ਚ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚੌਕਸੀ ਵਜੋਂ ਸ਼ੁੱਕਰਵਾਰ ਨੂੰ ਵੀ ਯਾਤਰਾ ਰੋਕੀ ਗਈ।
ਇਸ ਸਾਲ ਹੇਮਕੁੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਈ ਹੈ। ਸਥਾਨਕ ਪ੍ਰਸ਼ਾਸਨ ਅਨੁਸਾਰ, ਪਿਛਲੇ ਹਫ਼ਤੇ 7785 ਤੀਰਥ ਯਾਤਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਲਈ ਹੇਮਕੁੰਟ ਨੇੜੇ ਅਟਲਾਕੋਟੀ ਗਲੇਸ਼ੀਅਰ ਬਿੰਦੂ 'ਤੇ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਤਾਇਨਾਤ ਹੈ, ਜੋ ਯਾਤਰੀਆਂ ਨੂੰ ਗਲੇਸ਼ੀਅਰ ਤੋਂ ਸੁਰੱਖਿਅਤ ਆਵਾਜਾਈ 'ਚ ਸਹਿਯੋਗ ਕਰ ਰਹੀ ਹੈ।