ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ: CM ਨਾਇਬ ਸੈਣੀ

Saturday, Nov 08, 2025 - 11:21 PM (IST)

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ: CM ਨਾਇਬ ਸੈਣੀ

ਚੰਡੀਗੜ੍ਹ — ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜੀਵਨ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ 17ਵੀਂ ਸਦੀ ਵਿੱਚ ਗੁਰੂ ਸਾਹਿਬ ਨੇ ਅਨਿਆਏ, ਅਤਿਆਚਾਰ ਅਤੇ ਜੁਲਮ ਦੇ ਵਿਰੁੱਧ ਜੋ ਬਲੀਦਾਨ ਅਤੇ ਤਿਆਗ ਕੀਤਾ, ਉਹ ਸਿਰਫ਼ ਸਿੱਖ ਇਤਿਹਾਸ ਦਾ ਨਹੀਂ, ਸਗੋਂ ਪੂਰੀ ਮਨੁੱਖਤਾ ਦਾ ਸਭ ਤੋਂ ਉੱਚਾ ਆਦਰਸ਼ ਹੈ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸਿਰਸਾ ਸਥਿਤ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ “ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਦਰਸ਼ਨ” ਵਿਸ਼ੇ ‘ਤੇ ਆਯੋਜਿਤ ਰਾਸ਼ਟਰੀ ਸੈਮੀਨਾਰ ਵਿੱਚ ਮੁੱਖ ਅਤੀਥੀ ਵਜੋਂ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਦਿਆਰਥੀਆਂ ਦੁਆਰਾ ਗੁਰੂ ਸਾਹਿਬਾਨ ਦੇ ਜੀਵਨ ‘ਤੇ ਤਿਆਰ ਕੀਤੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਦਾ ਵੀ ਨਿਰੀਖਣ ਕੀਤਾ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋਕੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ “ਸ੍ਰੀ ਗੁਰੂ ਤੇਗ਼ ਬਹਾਦਰ ਅਧਿਐਨ ਪੀਠ” ਸਥਾਪਿਤ ਕੀਤੀ ਜਾਵੇਗੀ, ਜਿੱਥੇ ਵਿਦਿਆਰਥੀ ਉਨ੍ਹਾਂ ਦੇ ਜੀਵਨ ਤੇ ਵਿਚਾਰਾਂ ‘ਤੇ ਗੰਭੀਰ ਅਧਿਐਨ ਅਤੇ ਖੋਜ ਕਰ ਸਕਣਗੇ।

ਉਨ੍ਹਾਂ ਦੱਸਿਆ ਕਿ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਦਿਹਾੜਾ ਮੌਕੇ 1 ਨਵੰਬਰ ਤੋਂ ਸ਼ੁਰੂ ਹੋਏ ਸਮਾਰੋਹ 25 ਨਵੰਬਰ ਤੱਕ ਚਲਣਗੇ। ਮੁੱਖ ਸਮਾਰੋਹ ਕੁਰੁਕਸ਼ੇਤਰ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਚਾਰ ਪਵਿੱਤਰ ਨਗਰ ਕੀਰਤਨ ਕੱਡੀਆਂ, ਜਿਨ੍ਹਾਂ ਵਿੱਚੋਂ ਪਹਿਲੀ ਨਗਰ ਕੀਰਤਨ ਦਾ ਸ਼ੁਭਾਰੰਭ ਅੱਜ ਸਿਰਸਾ ਜਿਲ੍ਹੇ ਦੇ ਰੋੜੀ ਧਾਮ ਤੋਂ ਹੋਇਆ ਹੈ।

ਮੁੱਖ ਮੰਤਰੀ ਨੇ ਦੇਸ਼ ਭਰ ਤੋਂ ਆਏ ਸਾਧੂ-ਸੰਤਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਅਜਿਹੇ ਮਹਾਨ ਆਦਰਸ਼ ਪੁਰਖ ਦੇ ਜੀਵਨ ਅਤੇ ਉਪਦੇਸ਼ਾਂ ‘ਤੇ ਵਿਚਾਰ ਕਰ ਰਹੇ ਹਾਂ, ਜਿਨ੍ਹਾਂ ਨੇ ਸਿਖਾਇਆ ਕਿ ਧਰਮ ਦਾ ਮਤਲਬ ਸਿਰਫ਼ ਆਪਣਾ ਧਰਮ ਬਚਾਉਣਾ ਨਹੀਂ, ਸਗੋਂ ਪੂਰੀ ਦੁਨੀਆ ਦੀ ਨੈਤਿਕਤਾ ਅਤੇ ਅੰਤਰਾਤਮਾ ਦੀ ਰੱਖਿਆ ਕਰਨਾ ਹੈ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਮਨੁੱਖਤਾ ਤਕਨੀਕੀ ਯੁੱਗ ਵਿੱਚ ਦਾਖਲ ਹੋ ਚੁੱਕੀ ਹੈ, ਤਦ ਵੀ ਗੁਰੂ ਤੇਗ਼ ਬਹਾਦਰ ਜੀ ਦੇ ਆਦਰਸ਼ ਭਾਰਤ ਨੂੰ ਸਹੀ ਦਿਸ਼ਾ ਦੇ ਰਹੇ ਹਨ। 21ਵੀਂ ਸਦੀ ਵਿੱਚ ਭਾਰਤ ਦੀ ਅਸਲੀ ਤਾਕਤ ਸਿਰਫ਼ ਤਕਨਾਲੋਜੀ ਨਹੀਂ, ਸਗੋਂ ਨੈਤਿਕ ਮੁੱਲਾਂ, ਆਧਿਆਤਮਿਕਤਾ ਅਤੇ ਹਿੰਮਤ ਵਿੱਚ ਸਮਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਜਵਾਨ ਪੀੜ੍ਹੀ ਤੀਬਰ ਮੁਕਾਬਲੇ, ਮਨੋਵੈਜਾਨਕ ਦਬਾਅ ਅਤੇ ਤੁਲਨਾ ਦੀ ਸੰਸਕ੍ਰਿਤੀ ਦਾ ਸਾਹਮਣਾ ਕਰ ਰਹੀ ਹੈ, ਤਦ ਗੁਰੂ ਤੇਗ਼ ਬਹਾਦਰ ਜੀ ਅਤੇ ਉਨ੍ਹਾਂ ਦੇ ਚਾਰ ਸ਼ਹੀਦ ਸ਼ਿਸ਼ਿਆ ਜਵਾਨਾਂ ਲਈ ਪ੍ਰਕਾਸ਼-ਪੁਰਖ ਵਾਂਗ ਰਾਹ ਦਿਖਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨੇਤ੍ਰਿਤਵ ਹੇਠ ਭਾਰਤ, ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਅਨੁਸਾਰ, ਮਨੁੱਖਤਾ ਨੂੰ ਸਹੀ ਰਾਹ ਦਿਖਾਉਣ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਨੇਤ੍ਰਿਤਵ ਹੇਠ ਦੇਸ਼ “ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ” ਦੇ ਸਿਧਾਂਤ ‘ਤੇ ਅੱਗੇ ਵੱਧ ਰਿਹਾ ਹੈ — ਜੋ ਗੁਰੂ ਪਰੰਪਰਾ ਦੀ ਹੀ ਵਿਸਤਾਰਿਤ ਭਾਵਨਾ ਹੈ।

ਸਿੱਖ ਵਿਰਾਸਤ ਦੇ ਸੁਰੱਖਿਆ ਲਈ ਹਰਿਆਣਾ ਸਰਕਾਰ ਵਚਨਬੱਧ
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਸੁਰੱਖਿਆ ਤੇ ਪ੍ਰਚਾਰ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 1984 ਦੇ ਦੰਗਿਆਂ ਦੌਰਾਨ ਆਪਣੇ ਪ੍ਰੀਤਮ ਗੁਆ ਚੁੱਕੇ ਹਰਿਆਣਾ ਦੇ 121 ਸਿੱਖ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਦਸੰਬਰ 2022 ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਕੇ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਕੀਤੀ ਗਈ ਹੈ, ਜਿਸ ਨਾਲ ਉਨ੍ਹਾਂ ਨੂੰ ਧਾਰਮਿਕ ਮਾਮਲਿਆਂ ਵਿੱਚ ਸਵੈ-ਨਿਰਣੇ ਦਾ ਅਧਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਿਰਸਾ ਸਥਿਤ ਗੁਰਦੁਆਰਾ ਸ੍ਰੀ ਚਿੱਲਾ ਸਾਹਿਬ ਨੂੰ 70 ਕਨਾਲ ਜਮੀਨ ਅਲਾਟ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਯਮੁਨਾਨਗਰ ਵਿੱਚ ਬਣ ਰਹੇ ਮੈਡੀਕਲ ਕਾਲਜ ਦਾ ਨਾਮ “ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਿੰਘ ਜੀ ਮੈਡੀਕਲ ਕਾਲਜ” ਰੱਖਿਆ ਗਿਆ ਹੈ। ਇਸੇ ਤਰ੍ਹਾਂ ਅਸਾਂਧ ਕਾਲਜ ਦਾ ਨਾਮ “ਬਾਬਾ ਫਤਹ ਸਿੰਘ ਜੀ ਕਾਲਜ” ਤੇ ਲਖਨੌਰ ਸਾਹਿਬ ਵਿਖੇ “ਮਾਤਾ ਗੁਜਰੀ ਵੀ.ਐਲ.ਡੀ.ਏ ਕਾਲਜ” ਸਥਾਪਿਤ ਕੀਤਾ ਗਿਆ ਹੈ। ਯਮੁਨਾਨਗਰ ਦੇ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਤੀਰਥ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਹੇਮਕੁੰਟ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਵਰਗੇ ਇਤਿਹਾਸਕ ਸਥਾਨਾਂ ਦੀ ਯਾਤਰਾ ਲਈ ਆਰਥਿਕ ਸਹਾਇਤਾ ਦੇਣ ਵਾਸਤੇ “ਸਵਰਣ ਜਯੰਤੀ ਗੁਰੂ ਦਰਸ਼ਨ ਯਾਤਰਾ ਯੋਜਨਾ” ਸ਼ੁਰੂ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਸਿੱਖ ਵਿਰਾਸਤ ਅਤੇ ਗੁਰਮੁਖ ਇਤਿਹਾਸਕ ਸਥਾਨਾਂ ਨੂੰ ਜੋ ਸਨਮਾਨ ਮਿਲਿਆ ਹੈ, ਉਹ ਹੁਣ ਭਾਰਤ ਦੀ ਰਾਸ਼ਟਰੀ ਨੀਤੀ ਦਾ ਹਿੱਸਾ ਬਣ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਜਯੰਤੀ ਤੋਂ ਲੈ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਤੱਕ, ਦੇਸ਼ ਤੇਜ਼ੀ ਨਾਲ ਵਿਕਾਸ ਅਤੇ ਆਧਿਆਤਮਿਕ ਉਤਥਾਨ ਦੇ ਮਾਰਗ ‘ਤੇ ਅੱਗੇ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਿਰਫ਼ ਯਾਦ ਨਹੀਂ ਕਰਨਾ, ਸਗੋਂ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਪ੍ਰਾਰਥਨਾ ਕੀਤੀ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰੀ ਮਨੁੱਖਤਾ ਦੇ ਜੀਵਨ ਵਿੱਚ ਸ਼ਾਂਤੀ, ਸਦਭਾਵਨਾ ਅਤੇ ਆਧਿਆਤਮਿਕ ਤਾਕਤ ਦਾ ਪ੍ਰਵਾਹ ਹੋਵੇ।

ਇਸ ਮੌਕੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਕੁਲਪਤੀ ਪ੍ਰੋਫੈਸਰ ਵਿਜੈ ਕੁਮਾਰ, ਮੁੱਖ ਮੰਤਰੀ ਦੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ, ਸ੍ਰੀ ਰਾਜ ਨੇਹਰੂ, ਪ੍ਰੋ. ਜਗਦੀਪ ਸਿੰਘ, ਪ੍ਰੋ. ਕੁਲਦੀਪ ਸਿੰਘ ਅਗਨਿਹੋਤਰੀ ਸਮੇਤ ਕਈ ਵਿਦਵਾਨ ਅਤੇ ਪ੍ਰਮੁੱਖ ਹਸਤੀਆਂ ਮੌਜੂਦ ਸਨ।


author

Inder Prajapati

Content Editor

Related News