ਮੋਦੀ ਸਰਕਾਰ ਨੇ ਕੋਰੋਨਾ ਦੀ ਸਥਿਤੀ 'ਚ ਕੁਪ੍ਰਬੰਧਨ ਕੀਤਾ, ਟੀਕੇ ਦੀ ਕਮੀ ਹੋਣ ਦਿੱਤੀ : ਸੋਨੀਆ

4/10/2021 1:40:26 PM

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਲਾਗ਼ 'ਚ ਕੁਪ੍ਰਬੰਧਨ ਕੀਤਾ ਅਤੇ ਟੀਕੇ ਦਾ ਨਿਰਯਾਤ ਕਰ ਕੇ ਦੇਸ਼ 'ਚ ਇਸ ਦੀ ਕਮੀ ਹੋਣ ਦਿੱਤੀ। ਉਨ੍ਹਾਂ ਨੇ ਪਾਰਟੀ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕਾਂਗਰਸ ਦੇ ਗਠਜੋੜ ਵਾਲੀਆਂ ਪ੍ਰਦੇਸ਼ ਸਰਕਾਰਾਂ 'ਚ ਸ਼ਾਮਲ ਪਾਰਟੀ ਦੇ ਮੰਤਰੀਆਂ ਦੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਇਨਫੈਕਸ਼ਨ ਦੇ ਪ੍ਰਸਾਰ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣ ਅਤੇ ਨਾਲ ਹੀ ਕਮਜ਼ੋਰ ਤਬਕਿਆਂ ਦੀ ਮਦਦ ਕਰਨ ਦੀ ਜ਼ਰੂਰਤ ਹੈ। ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਹੋਈ ਬੈਠਕ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਕੇਂਦਰ ਦੀਆਂ ਅਸਫ਼ਲ ਨੀਤੀਆਂ ਕਾਰਨ ਪ੍ਰਵਾਸੀ ਫਿਰ ਪਲਾਇਨ ਨੂੰ ਮਜ਼ਬੂਰ : ਰਾਹੁਲ ਗਾਂਧੀ

ਸੋਨੀਆ ਨੇ ਕਿਹਾ,''ਕੋਰੋਨਾ ਵਾਇਰਸ ਇਨਫੈਕਸ਼ਨ ਵੱਧ ਰਿਹਾ ਹੈ ਅਤੇ ਅਜਿਹੇ 'ਚ ਮੁੱਖ ਵਿਰੋਧੀ ਦਲ ਦੇ ਤੌਰ 'ਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਮੁੱਦਿਆਂ ਨੂੰ ਚੁਕੀਏ ਅਤੇ ਸਰਕਾਰ 'ਤੇ ਦਬਾਅ ਬਣਾਈ ਕਿ ਉਹ ਜਨ ਸੰਪਰਕ ਦੀਆਂ ਤਰਕੀਬਾਂ ਅਪਣਾਉਣ ਦੀ ਬਜਾਏ ਜਨਹਿੱਤ 'ਚ ਕੰਮ ਕਰਨ।'' ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ,''ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਸਰਕਾਰ ਨੂੰ ਕਾਂਗਰਸ ਸ਼ਾਸਿਤ ਸਮੇਤ ਸਾਰੇ ਸੂਬਿਆਂ 'ਚ ਇਨਫੈਕਸ਼ਨ ਅਤੇ ਮੌਤ ਦੇ ਅਸਲ ਅੰਕੜੇ ਪੇਸ਼ ਕਰਨੇ ਚਾਹੀਦੇ ਹਨ।''
ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸੋਨੀਆ ਨੇ ਕਿਹਾ,''ਸਾਨੂੰ ਸਭ ਤੋਂ ਪਹਿਲਾਂ ਭਾਰਤ 'ਚ ਟੀਕਾਕਰਨ ਮੁਹਿੰਮ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਅਤੇ ਇਸ ਤੋਂ ਬਾਅਦ ਟੀਕੇ ਦਾ ਨਿਰਯਾਤ ਕਰਨਾ ਅਤੇ ਦੂਜੇ ਦੇਸ਼ਾਂ ਨੂੰ ਤੋਹਫ਼ੇ 'ਚ ਦੇਣਾ ਚਾਹੀਦਾ। ਸਾਨੂੰ ਇਸ ਗੱਲ 'ਤੇ ਜ਼ੋਰ ਦੇਣਾ ਹੋਵੇਗਾ ਕਿ ਜ਼ਿੰਮੇਵਾਰ ਰਵੱਈਆ ਹੋਵੇ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਕੋਵਿਡ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦਾ ਅਤੇ ਸਾਰੇ ਕਾਨੂੰਨਾਂ ਦਾ ਪਾਲਣ ਕੀਤਾ ਜਾਵੇ।'' ਸੋਨੀਆ ਅਨੁਸਾਰ,''ਸੰਘਵਾਦ ਦਾ ਸਨਮਾਨ ਕਰਦੇ ਹੋਏ ਸੂਬਿਆਂ ਨਾਲ ਸਹਿਯੋਗ ਕਰਨਾ ਅਤੇ ਵਿਰੋਧੀਆਂ ਵਲੋਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ 'ਚ ਸਹਿਯੋਗ ਕਰਨਾ, ਇਸ ਲਾਗ਼ ਵਿਰੁੱਧ ਲੜਾਈ 'ਚ ਸਮਾਨ ਰੂਪ ਨਾਲ ਮਹੱਤਵਪੂਰਨ ਹੈ। ਇਸ ਲੜਾਈ 'ਚ ਸਾਰੇ ਇਕਜੁਟ ਹਨ।'' ਉਨ੍ਹਾਂ ਦੋਸ਼ ਲਗਾਇਆ,''ਮੋਦੀ ਸਰਕਾਰ ਨੇ ਇਸ ਸਥਿਤੀ 'ਚ ਕੁਪ੍ਰਬੰਧਨ ਕੀਤਾ। ਟੀਕੇ ਦਾ ਨਿਰਯਾਤ ਕਰ ਦਿੱਤਾ ਅਤੇ ਦੇਸ਼ 'ਚ ਟੀਕੇ ਦੀ ਕਮੀ ਹੋਣ ਦਿੱਤੀ।''

ਇਹ ਵੀ ਪੜ੍ਹੋ : ਵੈਕਸੀਨ 'ਤੇ ਸਿਆਸਤ ਤੇਜ਼, ਰਾਹੁਲ ਨੇ PM ਮੋਦੀ ਨੂੰ ਚਿੱਠੀ ਲਿਖ ਕੀਤੀ ਇਹ ਮੰਗ

ਸੋਨੀਆ ਨੇ ਕਿਹਾ,''ਚੋਣਾਂ ਲਈ ਵੱਡੇ ਪੈਮਾਨੇ 'ਤੇ ਲੋਕਾਂ ਦਾ ਜਮ੍ਹਾ ਹੋਣਾ ਅਤੇ ਧਾਰਮਿਕ ਆਯੋਜਨਾਂ 'ਚ ਕੋਵਿਡ ਦੇ ਮਾਮਲਿਆਂ 'ਚ ਤੇਜ਼ੀ ਆਈ ਹੈ। ਇਸ ਲਈ ਅਸੀਂ ਸਾਰੇ ਕੁਝ ਹੱਦ ਤੱਕ ਜ਼ਿੰਮੇਵਾਰ ਹਾਂ। ਸਾਨੂੰ ਇਹ ਜ਼ਿੰਮੇਵਾਰੀ ਸਵੀਕਾਰ ਕਰਨ ਅਤੇ ਰਾਸ਼ਟਰ ਦੇ ਹਿੱਤ ਨੂੰ ਖ਼ੁਦ ਤੋਂ ਉੱਪਰ ਰੱਖਣ ਦੀ ਜ਼ਰੂਰਤ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ 'ਚ ਕੋਰੋਨਾ ਦੇ ਇਨਫੈਕਸ਼ਨ ਦੇ ਪ੍ਰਸ਼ਾਰ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਕਦਮਾਂ ਤੋਂ ਪ੍ਰਭਾਵਿਤ ਹੋਣ ਵਾਲੇ ਕਮਜ਼ੋਰ ਤਬਕਿਆਂ ਦੀ ਮਦਦ ਵੀ ਹੋਣੀ ਚਾਹੀਦੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor DIsha