ਕਲਯੁਗੀ ਪੁੱਤ ਦਾ ਕਾਰਾ: ਮਾਂ ਦਾ ਕੀਤਾ ਕਤਲ, ਫਿਰ ''ਹਾਰਟ ਅਟੈਕ'' ਦਾ ਡਰਾਮਾ ਰਚ ਲੋਕਾਂ ਨੂੰ ਕੀਤਾ ਗੁਮਰਾਹ
Monday, Mar 30, 2026 - 03:51 AM (IST)
ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪੁੱਤ ਨੇ ਆਪਣੀ ਹੀ ਮਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਇਹ ਖ਼ੌਫ਼ਨਾਕ ਵਾਰਦਾਤ ਅਕਬਰਪੁਰ ਗੜ੍ਹੀ ਖੇਤਰ ਦੀ ਬੰਗਾਲੀ ਕਾਲੋਨੀ ਵਿੱਚ ਸ਼ਨੀਵਾਰ ਸਵੇਰੇ ਵਾਪਰੀ। ਜਾਣਕਾਰੀ ਅਨੁਸਾਰ, ਸੰਜੇ ਦਾਸ ਨਾਮ ਦੇ ਨੌਜਵਾਨ ਨੇ ਆਪਣੀ 50 ਸਾਲਾ ਮਾਂ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਨੇ ਬੜੀ ਚਲਾਕੀ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਉਸ ਦੀ ਮਾਂ ਦੀ ਮੌਤ ਦਿਲ ਦਾ ਦੌਰਾ (Heart Attack) ਪੈਣ ਕਾਰਨ ਹੋਈ ਹੈ।
ਪੁਲਸ ਦੀ ਸਖ਼ਤ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਅਕਸਰ ਉਸ ਨਾਲ ਝਗੜਾ ਕਰਦੀ ਸੀ ਅਤੇ ਉਸ ਨੂੰ ਤਾਅਨੇ ਮਾਰਦੀ ਰਹਿੰਦੀ ਸੀ। ਸੰਜੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪਹਿਲਾਂ ਆਪਣੇ ਹੀ ਬੱਚੇ ਦਾ ਕਤਲ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਸੀ। ਉਸ ਦੀ ਮਾਂ ਇਸੇ ਗੱਲ ਨੂੰ ਲੈ ਕੇ ਉਸ ਨੂੰ ਵਾਰ-ਵਾਰ ਤਾਅਨੇ ਮਾਰਦੀ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੰਜੇ ਦਾਸ ਦਾ ਪਹਿਲਾਂ ਵੀ ਅਪਰਾਧਿਕ ਇਤਿਹਾਸ ਰਿਹਾ ਹੈ। ਸਾਲ 2024 ਵਿੱਚ ਉਸ ਵਿਰੁੱਧ ਦਾਜ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ 2025 ਵਿੱਚ ਕੁੱਟਮਾਰ ਦਾ ਇੱਕ ਹੋਰ ਕੇਸ ਵੀ ਦਰਜ ਕੀਤਾ ਗਿਆ ਸੀ।
ਥਾਣਾ ਇੰਚਾਰਜ ਸ਼ਸ਼ਾਂਕ ਦਿਵੇਦੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ। ਐਤਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਜਦੋਂ ਲਾਸ਼ ਪਿੰਡ ਲਿਆਂਦੀ ਗਈ ਤਾਂ ਮ੍ਰਿਤਕਾ ਦੇ ਵੱਡੇ ਪੁੱਤ ਵਿਪੁਲ ਨੇ ਉਸ ਦਾ ਅੰਤਿਮ ਸੰਸਕਾਰ ਕੀਤਾ। ਪੁਲਸ ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
