ਹਿਮਾਚਲ ਦੀਆਂ ਉੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਦਾ ਸਿਲਸਿਲਾ ਜਾਰੀ
Tuesday, Jan 20, 2026 - 10:09 PM (IST)
ਨੈਸ਼ਨਲ ਡੈਸਕ– ਉੱਤਰੀ ਭਾਰਤ ਵਿਚ ਕੜਾਕੇ ਦੀ ਠੰਢ, ਸੀਤ ਲਹਿਰ ਅਤੇ ਸੰਘਣੀ ਧੁੰਦ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਮੰਗਲਵਾਰ ਨੂੰ ਸੂਬੇ ਦੀਆਂ ਉੱਚੀਆਂ ਚੋਟੀਆਂ ਸਮੇਤ ਬਾਰਾਲਾਚਾ, ਕੁੰਜੁਮ ਅਤੇ ਰੋਹਤਾਂਗ ਦੱਰੇ ਵਿਚ ਹਲਕੀ ਬਰਫ਼ਬਾਰੀ ਹੋਈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 22 ਤੋਂ 24 ਜਨਵਰੀ ਤੱਕ 3 ਦਿਨਾਂ ਲਈ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਬਰਫ਼ਬਾਰੀ ਤੇ ਮੀਂਹ ਨੂੰ ਲੈ ਕੇ ‘ਓਰੈਂਜ’ ਤੇ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਇਕ ਡਿਗਰੀ ਘੱਟ ਦਰਜ ਕੀਤਾ ਗਿਆ।
ਹਰਿਆਣਾ ਦੇ ਭਿਵਾਨੀ ਵਿਚ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂਕਿ ਹਿਸਾਰ ਵਿਚ ਇਹ 5.7 ਡਿਗਰੀ ਸੈਲਸੀਅਸ ਰਿਹਾ। ਵੀਰਵਾਰ ਤੋਂ ਪੰਜਾਬ-ਹਰਿਆਣਾ ਦੇ ਕਈ ਹਿੱਸਿਆਂ ਵਿਚ ਮੀਂਹ, ਤੇਜ਼ ਹਵਾਵਾਂ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਕਸ਼ਮੀਰ ਵਿਚ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਵਿਚ ਕਮੀ ਦਰਜ ਕੀਤੀ ਗਈ ਹੈ, ਜਦੋਂਕਿ ਇਸ ਹਫ਼ਤੇ ਵਾਦੀ ਵਿਚ ਮੀਂਹ ਪੈਣ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।
