ਹਰ ਪਾਸੇ ਤਬਾਹੀ; 583 ਸੜਕਾਂ ਬੰਦ, ਬਿਜਲੀ-ਪਾਣੀ ਦੀ ਸਪਲਾਈ ਠੱਪ
Saturday, Mar 01, 2025 - 09:49 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਬੱਦਲ ਫੱਟਣ ਕਾਰਨ ਹਾਰ ਪਾਸੇ ਤਬਾਹੀ ਦਾ ਖ਼ੌਫਨਾਕ ਮੰਜ਼ਰ ਹੈ। ਮੋਹਲੇਧਾਰ ਮੀਂਹ ਕਾਰਨ 583 ਸੜਕਾਂ ਦੀ ਆਵਾਜਾਈ ਬੰਦ ਹੋ ਗਈ ਹੈ। ਸੂਬਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਮੁਤਾਬਕ 5 ਕੌਮੀ ਹਾਈਵੇਅ ਸਮੇਤ ਸੂਬੇ ਦੀਆਂ ਕੁੱਲ 583 ਸੜਕਾਂ ਬੰਦ ਹੋ ਗਈਆਂ ਹਨ। ਇਸ ਤੋਂ ਇਲਾਵਾ ਬਿਜਲੀ ਦੇ ਕੁੱਲ 2263 ਟ੍ਰਾਂਸਫਾਰਮਰ ਠੱਪ ਹਨ, ਜਿਸ ਨਾਲ ਕਈ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। 279 ਜਲ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਜਿਸ ਕਾਰਨ ਬਹੁਤ ਸਾਰੇ ਖੇਤਰ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਰਹਿ ਗਏ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਦਰਿਆਵਾਂ ਅਤੇ ਨਾਲਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਕਿਉਂਕਿ ਕੁੱਲੂ ਜ਼ਿਲ੍ਹਾ ਸਮੇਤ ਸੂਬੇ ਦੇ ਕੁਝ ਹਿੱਸਿਆਂ 'ਚ ਮੀਂਹ ਅਤੇ ਬਰਫ਼ਬਾਰੀ ਹੋਈ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਸਭ ਤੋਂ ਜ਼ਿਆਦਾ ਤਬਾਹੀ ਕੁੱਲੂ ਵਿਚ ਵੇਖਣ ਨੂੰ ਮਿਲੀ, ਜਿੱਥੇ ਹੜ੍ਹ ਦੇ ਮਲਬੇ ਵਿਚ 8 ਵਾਹਨ ਦੱਬੇ ਗਏ। ਕੁੱਲੂ ਵਿਚ ਸਰਵਰੀ ਨਾਲੇ ਵਿਚ ਗੱਡੀਆਂ ਲਈ ਪਾਰਕਿੰਗ ਬਣਾਈ ਗਈ ਸੀ। ਬੱਦਲ ਫੱਟਣ ਮਗਰੋਂ ਪਾਣੀ ਮਲਬੇ ਨਾਲ ਤੇਜ਼ ਗਤੀ ਤੋਂ ਆਇਆ ਅਤੇ ਗੱਡੀਆਂ ਨੂੰ ਆਪਣੇ ਨਾਲ ਵਹਾ ਕੇ ਲੈ ਗਿਆ। ਜ਼ਮੀਨ ਖਿਸਕਣ ਦੀ ਵਜ੍ਹਾ ਤੋਂ ਮਨਾਲੀ ਫੋਰਲੇਨ ਹਾਈਵੇਅ ਕਈ ਥਾਵਾਂ 'ਤੇ ਬੰਦ ਹੋ ਗਿਆ ਹੈ। ਹਾਈਵੇਅ ਵਿਚ ਪਹਾੜ ਤੋਂ ਡਿੱਗਿਆ ਮਲਬਾ ਜਮਾ ਹੋਇਆ ਹੈ, ਜਿਸ ਨੂੰ ਹਟਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਵੀਰਵਾਰ ਰਾਤ ਤੋਂ ਹੀ ਤੇਜ਼ ਹਵਾਵਾਂ ਨਾਲ ਬਰਫ਼ਬਾਰੀ ਅਤੇ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਪ੍ਰਦੇਸ਼ ਵਿਚ ਕੁਝ ਇਕ ਥਾਵਾਂ 'ਤੇ ਹਲਕੀ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਜਤਾਈ ਹੈ। ਜਦਕਿ 4 ਅਤੇ 5 ਮਾਰਚ ਨੂੰ ਇਕ ਵਾਰ ਫਿਰ ਤੋਂ ਪੱਛਮੀ ਗੜਬੜੀ ਕਾਰਨ ਵਿਆਪਕ ਰੂਪ ਨਾਲ ਬਰਫ਼ਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਚੰਬਾ ਦੀ ਪਾਗੀ ਘਾਟੀ ਵਿਚ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ ਅਤੇ ਜਨ-ਜੀਵਨ ਪ੍ਰਭਾਵਿਤ ਹੋ ਗਿਆ ਹੈ। ਪਾਗੀ ਘਾਟੀ ਬਾਕੀ ਸ਼ਹਿਰਾਂ ਤੋਂ ਪੂਰੀ ਤਰ੍ਹਾਂ ਕੱਟ ਗਈ ਹੈ।