ਦਿੱਲੀ ''ਚ ਲਗਾਤਾਰ ਖਰਾਬ ਹੋ ਰਹੀ ਹਵਾ, ਸਾਹ ਲੈਣ ''ਚ ਹੋਇਆ ਔਖਾ
Friday, Nov 22, 2024 - 09:53 AM (IST)
ਨਵੀਂ ਦਿੱਲੀ- ਦਿੱਲੀ 'ਚ ਠੰਡ ਨਾਲ ਹੀ ਪ੍ਰਦੂਸ਼ਣ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਲੋਕਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਖਾਸ ਕਰ ਕੇ ਬੱਚੇ ਅਤੇ ਬਜ਼ੁਰਗ ਇਸ ਦੀ ਲਪੇਟ ਵਿਚ ਆ ਰਹੇ ਹਨ। ਜ਼ਹਿਰੀਲੀ ਹਵਾ ਦੀ ਵਜਾ ਤੋਂ ਲੋਕਾਂ ਨੂੰ ਖੰਘ, ਅੱਖਾਂ 'ਚ ਜਲਣ ਅਤੇ ਗਲੇ ਵਿਚ ਖਰਾਸ਼ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 367 ਤੱਕ ਪਹੁੰਚ ਗਿਆ ਹੈ, ਜੋ ਬਹੁਤ ਖਰਾਬ ਸ਼੍ਰੇਣੀ ਵਿਚ ਆਉਂਦਾ ਹੈ।
ਦਿੱਲੀ ਵਿਚ ਪੂਰੇ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚ ਦੂਜੇ ਨੰਬਰ 'ਤੇ ਹੈ। ਬਿਹਾਰ ਦਾ ਇਕ ਸ਼ਹਿਰ ਪਹਿਲੇ ਨੰਬਰ 'ਤੇ ਹੈ, ਜਿੱਥੇ AQI 382 ਦਰਜ ਕੀਤਾ ਗਿਆ ਹੈ। ਰਾਜਧਾਨੀ ਵਿਚ ਸਭ ਤੋਂ ਜ਼ਿਆਦਾ ਪੱਧਰ ਜਹਾਂਗੀਰਪੁਰੀ ਵਿਚ ਪਾਇਆ ਗਿਆ, ਜਿੱਥੇ ਸਵੇਰੇ 6 ਵਜੇ AQI 424 'ਤੇ ਪਹੁੰਚ ਗਿਆ। ਆਨੰਦ ਵਿਹਾਰ, ਜੋ ਅਕਸਰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਇਲਾਕਿਆਂ ਵਿਚ ਰਹਿੰਦਾ ਹੈ, ਇਸ ਵਾਰ 404 ਦੇ AQI ਨਾਲ ਪਿੱਛੇ ਰਹਿ ਗਿਆ ਹੈ।
ਪ੍ਰਦੂਸ਼ਣ ਨਾਲ ਹੋ ਰਹੀ ਪਰੇਸ਼ਾਨੀ
ਦਿੱਲੀ ਦੀ ਹਵਾ ਇੰਨੀ ਜ਼ਹਿਰੀਲੀ ਹੋ ਚੁੱਕੀ ਹੈ ਕਿ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਈ ਹੈ। ਬਾਈਕ 'ਤੇ ਚੱਲਣ ਵਾਲਿਆਂ ਨੂੰ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਥੋੜ੍ਹੀ ਹੀ ਦੇਰ ਵਿਚ ਅੱਖਾਂ 'ਚ ਜਲਣ ਅਤੇ ਸਾਹ ਲੈਣਾ ਭਾਰੀ ਪੈਂਦਾ ਹੈ।
ਕੇਂਦਰ ਸਰਕਾਰ ਨੇ ਚੁੱਕੇ ਕਦਮ
ਦਿੱਲੀ ਵਿਚ ਪ੍ਰਦੂਸ਼ਣ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਆਪਣੇ ਕਰਮੀਆਂ ਦੇ ਕੰਮ ਦੇ ਸਮੇਂ 'ਚ ਬਦਲਾਅ ਕੀਤਾ ਹੈ। ਨਾਲ ਹੀ ਕਰਮੀਆਂ ਤੋਂ ਨਿੱਜੀ ਵਾਹਨ ਘੱਟ ਇਸਤੇਮਾਲ ਕਰਨ ਅਤੇ ਜਨਤਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਆਮ ਜਨਤਾ ਲਈ ਸੁਝਾਅ
ਜਿਨ੍ਹਾ ਹੋ ਸਕੇ ਘਰ ਦੇ ਅੰਦਰ ਹੀ ਰਹੋ।
ਮਾਸਕ ਦਾ ਇਸਤੇਮਾਲ ਕਰੋ, ਖ਼ਾਸ ਕਰ ਕੇ ਬਾਹਰ ਨਿਕਲਦੇ ਸਮੇਂ।
ਸਵੇਰੇ ਅਤੇ ਦੇਰ ਰਾਤ ਬਾਹਰ ਜਾਣ ਤੋਂ ਬਚੋ।
ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖੋ।