ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਜਲਦ ਸਮਰਪਿਤ ਹੋਵੇਗਾ ਅਤਿ-ਆਧੁਨਿਕ ਸਕਾਈਵਾਕ ਫਲਾਈਓਵਰ
Sunday, Aug 20, 2023 - 01:14 PM (IST)
ਕਟੜਾ- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਹੈ। ਭਵਨ 'ਤੇ ਭਾਰੀ ਭੀੜ ਅਤੇ ਭਾਜੜ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਤਿ-ਆਧੁਨਿਕ ਸਕਾਈਵਾਕ ਫਲਾਈਓਵਰ ਬਣਾਇਆ ਜਾ ਰਿਹਾ ਹੈ। ਇਹ ਫਲਾਈਓਵਰ ਅਗਲੇ ਮਹੀਨੇ ਸਤੰਬਰ 'ਚ ਬਣ ਕੇ ਤਿਆਰ ਹੋ ਜਾਵੇਗਾ। ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਅਤਿ-ਆਧੁਨਿਕ ਸਕਾਈਵਾਕ ਫਲਾਈਓਵਰ ਦੇ ਢਾਂਚੇ ਦਾ ਕੰਮ ਲੱਗਭਗ ਪੂਰਾ ਕਰ ਲਿਆ ਗਿਆ ਹੈ।
ਇਸ ਸਕਾਈਵਾਕ ਫਲਾਈਓਵਰ ਤੋਂ ਹੋ ਕੇ ਸ਼ਰਧਾਲੂ ਪਵਿੱਤਰ ਗੁਫਾ 'ਚ ਦਰਸ਼ਨ ਕਰਨ ਜਾਣਗੇ। ਸਕਾਈਵਾਕ ਦਾ ਨਿਰਮਾਣ ਇਸ ਤਰ੍ਹਾਂ ਹੋ ਰਿਹਾ ਹੈ ਕਿ ਸ਼ਰਧਾਲੂਆਂ ਨੂੰ ਇਸ ਦੇ ਅੰਦਰ ਜਾਣ 'ਤੇ ਮਾਤਾ ਵੈਸ਼ਨੋ ਦੇਵੀ ਦੀ ਗੁਫ਼ਾ ਵਰਗਾ ਅਹਿਸਾਸ ਹੋਵੇਗਾ। ਫਲਾਈਓਵਰ ਦਾ ਅੰਦਰੂਨੀ ਨਿਰਮਾਣ ਕੰਮ ਤੇਜ਼ੀ ਨਾਲ ਜਾਰੀ ਹੈ। ਸਕਾਈਵਾਕ ਫਲਾਈਓਵਰ ਦੇ ਜ਼ਿਆਦਾਤਰ ਹਿੱਸੇ 'ਚ ਹੇਠਾਂ ਲੱਕੜ ਦਾ ਇਸਤੇਮਾਲ ਹੋਇਆ ਹੈ, ਤਾਂ ਕਿ ਸਰਦੀਆਂ 'ਚ ਠੰਡ 'ਚ ਸ਼ਰਧਾਲੂਆਂ ਨੂੰ ਨੰਗੇ ਪੈਰ ਤੁਰਨ ਵਿਚ ਕੋਈ ਦਿੱਕਤ ਨਾ ਹੋਵੇ। ਇਸ ਤੋਂ ਇਲਾਵਾ ਸਕਾਈਵਾਕ ਦੇ ਇਕ ਪਾਸੇ ਸਟੇਨਲੈੱਸ ਸਟੀਲ ਦੀ ਕੰਧ ਬਣਾਈ ਗਈ ਹੈ, ਤਾਂ ਦੂਜੇ ਪਾਸੇ ਮਜ਼ਬੂਤ ਸ਼ੀਸ਼ਾ ਲਾਇਆ ਗਿਆ ਹੈ, ਜਿਸ ਨਾਲ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਭਵਨ ਦੇ ਅਲੌਕਿਕ ਦਰਸ਼ਨ ਦੇ ਨਾਲ ਕੁਦਰਤੀ ਦ੍ਰਿਸ਼ ਵੀ ਵੇਖ ਸਕਣਗੇ।
ਕਰੀਬ 300 ਮੀਟਰ ਲੰਬੇ ਇਸ ਅਤਿ-ਆਧੁਨਿਕ ਸਕਾਈਵਾਕ ਫਲਾਈਓਵਰ ਦੇ ਹਰੇਕ 100 ਮੀਟਰ 'ਤੇ ਆਧੁਨਿਕ ਉਡੀਕ ਹਾਲ ਬਣਾਏ ਜਾ ਰਹੇ ਹਨ। ਜਿਸ 'ਚ ਇਕ ਹੀ ਸਮੇਂ 100 ਤੋਂ 200 ਸ਼ਰਧਾਲੂ ਬੈਠ ਸਕਣਗੇ। ਇਨ੍ਹਾਂ ਲਈ ਬੈਠਣ ਦਾ ਇੰਤਜ਼ਾਮ ਹੋਵੇਗਾ ਤਾਂ ਉੱਥੇ ਹੀ ਇਸ ਅਤਿ-ਆਧੁਨਿਕ ਫਲਾਈਓਵਰ ਦੇ ਅੰਦਰ ਥਾਂ-ਥਾਂ LED ਸਕ੍ਰੀਨਾਂ ਲਾਈਆਂ ਜਾਣਗੀਆਂ, ਇੱਥੋਂ ਲਗਾਤਾਰ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਅਲੌਕਿਕ ਦਰਸ਼ਨ ਕਰਦੇ ਰਹਿਣਗੇ। ਸਕਾਈਵਾਕ ਦੇ ਪ੍ਰਵੇਸ਼ ਦੁਆਰ 'ਤੇ ਕਰੀਬ 60 ਫੁੱਟ ਲੰਬੀ ਨਕਲੀ ਗੁਫਾ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਗੁਫ਼ਾ ਦੇ ਅੰਦਰ ਦੋਵੇਂ ਪਾਸੇ ਮਾਤਾ ਵੈਸ਼ਨੋ ਦੇਵੀ ਦੇ 9 ਰੂਪਾਂ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਮਾਤਾ ਵੈਸ਼ਨੋ ਦੇਵੀ ਦੇ ਸ਼ਲੋਕ ਅਤੇ ਮੰਤਰ ਆਦਿ ਅੰਕਿਤ ਹੋਣਗੇ, ਤਾਂ ਕਿ ਭਗਤੀਪੂਰਨ ਵਾਤਾਵਰਣ ਬਣਿਆ ਰਹੇ।