ਇਹ 6 ਸਾਲਾ ਬੱਚੀ ਹੈ ਕ੍ਰਿਕਟ ਦੀ ਦੀਵਾਨੀ, ਫੈਲਾ ਰਹੀ ਹੈ ਹੁਨਰ ਦੀ ‘ਮਹਿਕ’
Wednesday, Jun 23, 2021 - 01:29 PM (IST)
ਨਵੀਂ ਦਿੱਲੀ— ਅੱਜ ਦੇ ਸਮੇਂ ’ਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਈਆਂ ਹਨ। ਛੋਟੀ ਉਮਰ ਦੇ ਬੱਚੇ ਵੀ ਖੇਡਾਂ ਪ੍ਰਤੀ ਦਿਲਚਸਪੀ ਲੈ ਰਹੇ ਹਨ। ਇਸ ਛੋਟੀ ਜਿਹੀ ਬੱਚੀ ਦੀ ਉਮਰ ਮਹਿਜ 6 ਸਾਲ ਹੈ ਪਰ ਉਸ ’ਚ ਬੱਲੇਬਾਜ਼ੀ ਦੇ ਗੁਣ ਹਨ। ਕੇਰਲ ਦੀ ਰਹਿਣ ਵਾਲੀ 6 ਸਾਲਾ ਬੱਚੀ ਮਹਿਕ ਫਾਤਿਮਾ ਭਾਰਤੀ ਮਹਿਲਾ ਟੀਮ ਦੀ ਓਪਨਰ ਸਮਰਿਤੀ ਮੰਧਾਨਾ ਨੂੰ ਆਪਣਾ ਆਦਰਸ਼ਨ ਮੰਨਦੀ ਹੈ। ਮਹਿਕ ਦਾ ਬੱਲੇਬਾਜ਼ੀ ਕਰਦੇ ਹੋਏ ਵੀਡੀਓ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਮਹਿਕ ਨੇ 8 ਮਹੀਨੇ ਪਹਿਲਾਂ ਖੇਡਣਾ ਸ਼ੁਰੂ ਕੀਤਾ ਸੀ। ਕ੍ਰਿਕਟ ਪ੍ਰਤੀ ਮਹਿਕ ਦੀ ਇਹ ਚਿਲਚਸਪੀ ਉਦੋਂ ਪੈਦਾ ਹੋਈ, ਜਦੋਂ ਉਸ ਨੇ ਆਪਣੇ ਪਿਤਾ ਨੂੰ ਭਰਾ ਨੂੰ ਕ੍ਰਿਕਟ ਸਿਖਾਉਂਦੇ ਹੋਏ ਵੇਖਿਆ। ਭਾਰਤੀ ਵਨ-ਡੇਅ ਕਪਤਾਨ ਮਿਤਾਲੀ ਰਾਜ ਅਤੇ ਉਦਯੋਗਪਤੀ ਆਨੰਦ ਮਹਿੰਦਰਾ ਵੀ ਇਸ ਬੱਚੀ ਦੇ ਹੁਨਰ ਤੋਂ ਪ੍ਰਭਾਵਿਤ ਹੋਏ ਹਨ। ਮਹਿਕ ਦੀ ਮਾਂ ਨੇ ਕਿਹਾ ਕਿ ਪਹਿਲਾਂ ਮਹਿਕ ਦਾ ਧਿਆਨ ਕ੍ਰਿਕਟ ਵੱਲ ਨਹੀਂ ਸੀ ਪਰ ਜਦੋਂ ਪਿਤਾ ਮੁਨੀਰ ਨੂੰ ਆਪਣੇ ਭਰਾ ਨੂੰ ਕ੍ਰਿਕਟ ਦੇ ਗੁਰ ਸਿਖਾਉਂਦੇ ਹੋਏ ਵੇਖਿਆ ਅਤੇ ਪੁੱਛਿਆ ਕਿ ਕੀ ਮੈਨੂੰ ਇਸ ਲਈ ਨਹੀਂ ਸਿਖਾ ਰਹੇ, ਕਿਉਂਕਿ ਮੈਂ ਇਕ ਕੁੜੀ ਹਾਂ? ਮਾਂ ਨੇ ਦੱਸਿਆ ਕਿ ਇਸ ਸਵਾਲ ਤੋਂ ਪਿਤਾ ਹੈਰਾਨ ਰਹਿ ਗਏ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਧੀ ਵੀ ਖੇਡ ’ਚ ਚਿਲਚਸਪੀ ਰੱਖਦੀ ਹੈ।
ਓਧਰ ਮਾਂ ਨੇ ਕਿਹਾ ਕਿ ਮਹਿਕ ਸਮਰਿਤੀ ਮੰਧਾਨਾ ਦੀ ਪ੍ਰਸ਼ੰਸਕ ਹੈ। ਉਹ ਉਨ੍ਹਾਂ ਵਰਗਾ ਬਣਨਾ ਚਾਹੁੰਦੀ ਹੈ। ਮਿਤਾਲੀ ਨੇ ਵੀ ਜਦੋਂ ਮਹਿਕ ਦਾ ਵੀਡੀਓ ਵੇਖਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੇਰਾ ਸਮਰਥਨ ਅਤੇ ਆਸ਼ੀਰਵਾਦ ਦੋਵੇਂ ਹਨ। ਮਿਤਾਲੀ ਨੇ ਕਿਹਾ ਕਿ ਖੇਡਾਂ ਵਿਚ ਅੱਗੇ ਆਉਣ ਦੀ ਵਾਲੀ ਹਰ ਕੁੜੀ ਨੂੰ ਮੇਰਾ ਸਮਰਥਨ ਹੈ।