ਰਾਮ ਨੌਮੀ ਮੌਕੇ ਹਾਵੜਾ ''ਚ ਹਿੰਸਕ ਝੜਪ ਮਗਰੋਂ ਸਥਿਤੀ ਸ਼ਾਂਤੀਪੂਰਨ, ਕਰਫਿਊ ਅਜੇ ਵੀ ਲਾਗੂ

Saturday, Apr 01, 2023 - 12:05 PM (IST)

ਰਾਮ ਨੌਮੀ ਮੌਕੇ ਹਾਵੜਾ ''ਚ ਹਿੰਸਕ ਝੜਪ ਮਗਰੋਂ ਸਥਿਤੀ ਸ਼ਾਂਤੀਪੂਰਨ, ਕਰਫਿਊ ਅਜੇ ਵੀ ਲਾਗੂ

ਹਾਵੜਾ- ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਕਾਜ਼ੀਪਾੜਾ ਇਲਾਕੇ 'ਚ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ਕੱਢੇ ਜਾਣ ਦੌਰਾਨ ਦੋ ਸਮੂਹਾਂ ਵਿਚਾਲੇ ਹੋਈ ਝੜਪ ਮਗਰੋਂ ਸ਼ਨੀਵਾਰ ਨੂੰ ਸਥਿਤੀ ਸ਼ਾਂਤੀਪੂਰਨ ਅਤੇ ਕੰਟਰੋਲ 'ਚ ਹੈ। ਫ਼ਿਲਹਾਲ ਇਲਾਕੇ ਵਿਚ ਅਜੇ ਵੀ ਕਰਫਿਊ ਲਾਗੂ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭਾਰੀ ਪੁਲਸ ਫੋਰਸ ਦੀ ਤਾਇਨਾਤੀ ਦਰਮਿਆਨ ਸਵੇਰ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਅਤੇ ਦੁਕਾਨਾਂ ਤੇ ਬਾਜ਼ਾਰ ਵੀ ਖੁੱਲ੍ਹੇ। ਇਲਾਕੇ 'ਚ ਅਤੇ ਉਸ ਦੇ ਆਲੇ-ਦੁਆਲੇ ਸੀ. ਆਰ. ਪੀ. ਸੀ. ਦੀ ਧਾਰਾ-144 ਤਹਿਤ ਕਰਫਿਊ ਹੁਣ ਵੀ ਲਾਗੂ ਹੈ ਅਤੇ ਇੰਟਰਨੈੱਟ ਸੇਵਾ ਮੁਅੱਤਲ ਹਨ।

ਇਹ ਵੀ ਪੜ੍ਹੋ- ਪੱਛਮੀ ਬੰਗਾਲ 'ਚ ਰਾਮਨੌਮੀ ਸ਼ੋਭਾਯਾਤਰਾ 'ਤੇ ਪਥਰਾਅ, ਕਈ ਗੱਡੀਆਂ ਦੀ ਭੰਨਤੋੜ ਕਰ ਕੇ ਲਗਾਈ ਅੱਗ

CID ਨੇ ਜਾਂਚ ਕੀਤੀ ਪੂਰੀ 

ਅਧਿਕਾਰੀ ਨੇ ਦੱਸਿਆ ਕਿ ਸੂਬਾ ਅਪਰਾਧ ਜਾਂਚ ਵਿਭਾਗ (CID) ਨੇ ਝੜਪਾਂ ਦੀ ਜਾਂਚ ਪੂਰੀ ਕਰ ਲਈ ਹੈ। ਸਥਿਤੀ ਕੰਟਰੋਲ ਅਤੇ ਸ਼ਾਂਤੀਪੂਰਨ ਹੈ। ਆਮ ਜਨ-ਜੀਵਨ ਪਟੜੀ 'ਤੇ ਪਰਤ ਰਿਹਾ ਹੈ। ਹਾਲਾਂਕਿ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਪੁਲਸ ਫੋਰਸ ਤਾਇਨਾਤ ਹੈ। ਸੁਰੱਖਿਆ ਉਪਾਵਾਂ ਦੇ ਤੌਰ 'ਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ। ਪੁਲਸ ਨੇ ਸ਼ੁੱਕਰਵਾਰ-ਸ਼ਨੀਵਾਰ ਦੀ ਮੱਧ ਰਾਤ ਨੂੰ ਛਾਪੇ ਮਾਰੇ ਅਤੇ ਭੰਨ-ਤੋੜ 'ਚ ਸ਼ਾਮਲ ਹੋਣ ਦੇ ਦੋਸ਼ 'ਚ ਕੁਝ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਕਿਹਾ ਕਿ ਅਸੀਂ ਹਿੰਸਾ ਵਾਲੇ ਦਿਨ ਘਟਨਾ ਵਾਲੀ ਥਾਂ ਤੋਂ ਮਿਲੇ ਵੀਡੀਓ ਫੁਟੇਜ਼ ਦੀ ਮਦਦ ਨਾਲ ਉਨ੍ਹਾਂ ਦੀ ਸ਼ਮੂਲੀਅਤ ਦੀ ਪੁਸ਼ਟੀ ਕਰ ਰਹੇ ਹਾਂ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਕਾਨੂੰਨ ਮੁਤਾਬਕ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਪਿਤਾ ਦੀ 'ਗੱਲ' ਨੂੰ ਦਿਲ 'ਤੇ ਲਾ ਬੈਠੀ 9 ਸਾਲਾ ਧੀ, ਕੀਤੀ ਖ਼ੁਦਕੁਸ਼ੀ, ਲੋਕ ਆਖਦੇ ਸਨ 'ਇੰਸਟਾ ਕੁਇਨ'

ਰਾਮ ਨੌਮੀ ਵਾਲੇ ਦਿਨ ਦੋ ਸਮੂਹਾਂ ਵਿਚਾਲੇ ਹੋਈ ਸੀ ਹਿੰਸਕ ਝੜਪ

ਦੱਸਣਯੋਗ ਹੈ ਕਿ ਵੀਰਵਾਰ ਨੂੰ ਰਾਮ ਨੌਮੀ ਦੇ ਦਿਨ ਸ਼ਾਮ ਨੂੰ ਦੋ ਸਮੂਹਾਂ ਵਿਚਾਲੇ ਉਸ ਸਮੇਂ ਹਿੰਸਕ ਝੜਪ ਸ਼ੁਰੂ ਹੋ ਗਈ ਸੀ, ਜਦੋਂ ਸ਼ੋਭਾ ਯਾਤਰਾ ਹਾਵੜਾ 'ਚ ਕਾਜ਼ੀਪਾੜਾ ਤੋਂ ਲੰਘ ਰਹੀ ਸੀ। ਹਿੰਸਾ ਦੌਰਾਨ ਕਈ ਦੁਕਾਨਾਂ ਵਿਚ ਲੁੱਟ-ਖੋਹ ਕੀਤੀ ਗਈ, ਜਦਕਿ ਕੁਝ ਪੁਲਸ ਵਾਹਨਾਂ ਸਮੇਤ ਕਈ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਲਾਕੇ 'ਚ ਸ਼ੁੱਕਰਵਾਰ ਦੁਪਹਿਰ ਨੂੰ ਸਥਾਨਕ ਲੋਕਾਂ ਨੇ ਪੁਲਸ 'ਤੇ ਪਥਰਾਅ ਕੀਤਾ ਸੀ, ਜਿਸ ਤੋਂ ਬਾਅਦ ਕਰਫਿਊ ਲਾਗੂ ਕਰ ਦਿੱਤਾ ਗਿਆ ਸੀ ਅਤੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। 

ਇਹ ਵੀ ਪੜ੍ਹੋ- ਆਂਧਰਾ ਪ੍ਰਦੇਸ਼ 'ਚ ਰਾਮ ਨੌਮੀ ਮੌਕੇ ਵੇਣੂਗੋਪਾਲਾ ਸਵਾਮੀ ਮੰਦਰ 'ਚ ਲੱਗੀ ਅੱਗ, ਮਚੀ ਭੱਜ-ਦੌੜ

ਮਮਤਾ ਬੈਨਰਜੀ ਨੇ ਹਿੰਸਾ ਲਈ ਭਾਜਪਾ ਨੂੰ ਠਹਿਰਾਇਆ ਜ਼ਿੰਮੇਵਾਰ

ਓਧਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਹਾਵੜਾ ਵਿਚ ਹੋਈ ਹਿੰਸਾ 'ਚ ਭਾਜਪਾ ਅਤੇ ਬਜਰੰਗ ਦਲ ਵਰਗੇ ਦੱਖਣਪੰਥੀ ਸੰਗਠਨ ਦੇ ਵਰਕਰ ਹਥਿਆਰਾਂ ਨਾਲ ਸ਼ਾਮਲ ਸਨ। ਹਾਲਾਂਕਿ ਭਾਜਪਾ ਨੇ ਮਮਤਾ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਮਾਮਲੇ ਦੀ NIA ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਵੜਾ 'ਚ ਹਿੰਸਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਨਾਲ ਫੋਨ 'ਤੇ ਗੱਲ ਕੀਤੀ ਸੀ ਅਤੇ ਸਥਿਤੀ ਦੀ ਜਾਇਜ਼ਾ ਲਿਆ ਸੀ। ਸ਼ਾਹ ਨੇ ਇਸ ਸਬੰਧ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਕਾਂਤ ਮਜੂਮਦਾਰ ਨਾਲ ਵੀ ਗੱਲ ਕੀਤੀ ਸੀ।


author

Tanu

Content Editor

Related News