ਗੁਜਰਾਤ ਦੰਗੇ : ਸਬੂਤ ਘੜਨ ਦੇ ਮਾਮਲੇ ’ਚ ਸੀਤਲਵਾੜ ਅਤੇ ਦੋ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ
Thursday, Sep 22, 2022 - 11:53 AM (IST)
ਅਹਿਮਦਾਬਾਦ (ਭਾਸ਼ਾ)- ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੇ 2002 ਦੇ ਗੁਜਰਾਤ ਦੰਗਿਆਂ ਨਾਲ ਜੁੜੇ ਮਾਮਲਿਆਂ ਦੇ ਸਿਲਸਿਲੇ 'ਚ ਸਬੂਤ ਘੜਨ ਨੂੰ ਲੈ ਕੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਤੀਸਤਾ ਸੀਤਲਵਾੜ, ਸੇਵਾਮੁਕਤ ਪੁਲਸ ਡਾਇਰੈਕਟਰ ਜਨਰਲ ਆਰ.ਬੀ. ਸ਼੍ਰੀਕੁਮਾਰ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਸੰਜੀਵ ਭੱਟ ਖ਼ਿਲਾਫ਼ ਬੁੱਧਵਾਰ ਚਾਰਜਸ਼ੀਟ ਦਾਇਰ ਕੀਤੀ। ਸੁਪਰੀਮ ਕੋਰਟ ਨੇ 2002 ਦੇ ਗੋਧਰਾ ਕਾਂਡ ਤੋਂ ਬਾਅਦ ਭੜਕੇ ਦੰਗਿਆਂ ਨੂੰ ਲੈ ਕੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ 63 ਹੋਰ ਨੂੰ ਵਿਸ਼ੇਸ਼ ਜਾਂਚਟ ਦਲ ਵਲੋਂ ਦਿੱਤੀ ਗਈ ਕਲੀਨ ਚਿਟ ਨੂੰ ਚੁਣੌਤੀ ਦੇਣ ਵਾਲੀ ਜ਼ਕੀਆ ਜਾਫ਼ਰੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਫ਼ੈਸਲੇ ਦੇ ਇਕ ਦਿਨ ਬਾਅਦ ਅਹਿਮਦਾਬਾਦ ਅਪਰਾਧ ਸ਼ਾਖਾ ਨੇ ਸੀਤਲਵਾੜ, ਸ਼੍ਰੀਕੁਮਾਰ ਅਤੇ ਸੰਜੀਵ ਭੱਟ ਖ਼ਿਲਾਫ਼ ਇਕ ਐੱਫ.ਆਈ.ਆਰ. ਦਰਜ ਕੀਤੀ ਸੀ। ਜਾਂਚ ਅਧਿਕਾਰੀ ਅਤੇ ਸਹਾਇਕ ਪੁਲਸ ਕਮਿਸ਼ਨਰ ਬੀ.ਵੀ. ਸੋਲੰਕੀ ਨੇ ਕਿਹਾ ਕਿ ਇੱਥੇ ਚੀਫ਼ ਮੈਟਰੋਪੋਲੀਟਿਨ ਮੈਜਿਸਟ੍ਰੇਟ ਐੱਮ.ਵੀ. ਚੌਹਾਨ ਦੀ ਅਦਾਲਤ 'ਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 6300 ਪੰਨਿਆਂ ਦੇ ਦੋਸ਼ ਪੱਤਰ 'ਚ 90 ਗਵਾਹਾਂ ਦਾ ਜ਼ਿਕਰ ਹੈ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ ਤੋਂ ਵਕੀਲ ਬਣੇ ਰਾਹੁਲ ਸ਼ਰਮਾ ਅਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਕਤੀ ਸਿੰਘ ਗੋਹਿਲ ਨੂੰ ਵੀ ਇਸ ਮਾਮਲੇ 'ਚ ਗਵਾਹ ਬਣਾਇਆ ਗਿਆ ਹੈ।
ਸੋਲੰਕੀ ਨੇ ਕਿਹਾ ਕਿ ਹੋਰ ਗਵਾਹਾਂ ਦੇ ਬਿਆਨ ਗੁਜਰਾਤ ਦੰਗਿਆਂ ਦੇ ਪਿਛਲੇ ਮਾਮਲਿਆਂ ਅਤੇ ਤਿੰਨਾਂ ਦੋਸ਼ੀਆਂ ਵੱਲੋਂ ਵੱਖ-ਵੱਖ ਅਦਾਲਤਾਂ ਅਤੇ ਕਮਿਸ਼ਨਾਂ ਅੱਗੇ ਪੇਸ਼ ਕੀਤੇ ਹਲਫਨਾਮਿਆਂ ਤੋਂ ਲਏ ਗਏ ਹਨ। ਉਨ੍ਹਾਂ ਕਿਹਾ ਕਿ ਚਾਰਜਸ਼ੀਟ 'ਚ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸਬੰਧਤ ਫੈਸਲਿਆਂ ਅਤੇ ਵੱਖ-ਵੱਖ ਅਦਾਲਤਾਂ 'ਚ ਜ਼ਕੀਆ ਜਾਫ਼ਰੀ ਵੱਲੋਂ ਦਾਇਰ ਪਟੀਸ਼ਨਾਂ ਦਾ ਵੀ ਹਵਾਲਾ ਦਿੱਤਾ ਗਿਆ ਹੈ। ਦੋਸ਼ੀਆਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 468 (ਧੋਖਾ ਦੇਣ ਦੇ ਇਰਾਦੇ ਨਾਲ ਜਾਅਲਸਾਜ਼ੀ), 194 (ਮੌਤ ਦੀ ਸਜ਼ਾ ਦਾ ਦੋਸ਼ੀ ਠਹਿਰਾਉਣ ਦੇ ਇਰਾਦੇ ਨਾਲ ਝੂਠੇ ਸਬੂਤ ਦੇਣਾ ਜਾਂ ਬਣਾਉਣਾ) ਅਤੇ 218 (ਲੋਕਾਂ ਨੂੰ ਬਚਾਉਣ ਦੇ ਇਰਾਦੇ ਨਾਲ ਜਨਤਕ ਸੇਵਕ ਦੁਆਰਾ ਝੂਠੀ ਜਾਣਕਾਰੀ ਦੇਣਾ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ। ਜੂਨ ਦੇ ਆਖਰੀ ਹਫ਼ਤੇ ਗ੍ਰਿਫਤਾਰ ਕੀਤੇ ਗਏ ਸੀਤਲਵਾੜ ਨੂੰ ਸੁਪਰੀਮ ਕੋਰਟ ਦੇ 2 ਸਤੰਬਰ ਦੇ ਹੁਕਮ ਤੋਂ ਬਾਅਦ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਉੱਥੇ ਹੀ ਸ਼੍ਰੀਕੁਮਾਰ ਇਸ ਮਾਮਲੇ 'ਚ ਜੇਲ੍ਹ 'ਚ ਹਨ, ਜਦਕਿ ਤੀਜਾ ਮੁਲਜ਼ਮ ਭੱਟ ਪਾਲਨਪੁਰ ਜੇਲ੍ਹ 'ਚ ਹੈ, ਜਿੱਥੇ ਉਹ ਹਿਰਾਸਤ 'ਚ ਮੌਤ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।