ਹੱਦ ਹੋ ਗਈ ! ਭੈਣ ਨੇ ਵੱਢੀ 'ਦੰਦੀ' ਤਾਂ ਹਸਪਤਾਲ ਪਹੁੰਚ ਗਿਆ ਭਰਾ, ਡਾਕਟਰਾਂ ਨੂੰ ਕਹਿੰਦਾ- 'ਲਾਓ ਰੈਬੀਜ਼ ਦਾ ਟੀਕਾ...'
Sunday, Mar 22, 2026 - 12:57 PM (IST)
ਗਾਜ਼ੀਆਬਾਦ- ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਦੇ ਐੱਮ.ਐੱਮ.ਜੀ. (MMG) ਹਸਪਤਾਲ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਡਾਕਟਰ ਵੀ ਸਿਰ ਫੜ ਕੇ ਬੈਠ ਗਏ। ਆਮ ਤੌਰ 'ਤੇ ਲੋਕ ਕੁੱਤੇ, ਬਾਂਦਰ ਜਾਂ ਬਿੱਲੀ ਦੇ ਵੱਢਣ 'ਤੇ ਰੈਬੀਜ਼ ਦੇ ਇੰਜੈਕਸ਼ਨ ਲਗਵਾਉਣ ਆਉਂਦੇ ਹਨ, ਪਰ ਇੱਥੇ ਇਕ ਨੌਜਵਾਨ ਆਪਣੀ ਹੀ ਭੈਣ ਦੇ ਵੱਢਣ ਤੋਂ ਬਾਅਦ ਰੈਬੀਜ਼ ਦੇ ਡਰ ਨਾਲ ਹਸਪਤਾਲ ਪਹੁੰਚ ਗਿਆ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਵਿਜੇਨਗਰ ਦਾ ਰਹਿਣ ਵਾਲਾ ਇਕ 35 ਸਾਲਾ ਨੌਜਵਾਨ ਹਸਪਤਾਲ ਦੀ ਓਪੀਡੀ (OPD) 'ਚ ਪਹੁੰਚਿਆ। ਉਸ ਨੇ ਡਾਕਟਰ ਨੂੰ ਆਪਣੀ ਖੱਬੀ ਬਾਂਹ ਦਿਖਾਉਂਦੇ ਹੋਏ ਕਿਹਾ ਕਿ ਉਸ ਦੀ ਭੈਣ ਨੇ ਗੁੱਸੇ 'ਚ ਆ ਕੇ ਉਸ ਨੂੰ ਵੱਢ ਲਿਆ ਹੈ। ਨੌਜਵਾਨ ਇੰਨਾ ਘਬਰਾਇਆ ਹੋਇਆ ਸੀ ਕਿ ਉਸ ਨੂੰ ਲੱਗ ਰਿਹਾ ਸੀ ਕਿ ਕਿਤੇ ਉਸ ਨੂੰ ਰੈਬੀਜ਼ ਨਾ ਹੋ ਜਾਵੇ। ਉਸ ਨੇ ਜ਼ਿੱਦ ਕੀਤੀ ਕਿ ਉਸ ਨੂੰ ਤੁਰੰਤ ਐਂਟੀ-ਰੈਬੀਜ਼ ਵੈਕਸੀਨ ਲਗਾਈ ਜਾਵੇ।
ਡਾਕਟਰਾਂ ਨੇ ਦਿੱਤੀ ਇਹ ਸਲਾਹ
ਡਾਕਟਰਾਂ ਨੇ ਪਹਿਲਾਂ ਤਾਂ ਨੌਜਵਾਨ ਦੀ ਗੱਲ ਸੁਣ ਕੇ ਹੈਰਾਨੀ ਜਤਾਈ ਅਤੇ ਫਿਰ ਉਸ ਨੂੰ ਸਮਝਾਇਆ ਕਿ ਇਨਸਾਨ ਦੇ ਵੱਢਣ ਨਾਲ ਰੈਬੀਜ਼ ਨਹੀਂ ਫੈਲਦਾ। ਡਾਕਟਰਾਂ ਨੇ ਦੱਸਿਆ ਕਿ ਅਜਿਹੀ ਸਥਿਤੀ 'ਚ ਘਬਰਾਉਣ ਦੀ ਲੋੜ ਨਹੀਂ ਹੁੰਦੀ, ਸਿਰਫ ਆਮ ਇਲਾਜ ਹੀ ਕਾਫ਼ੀ ਹੈ। ਹਾਲਾਂਕਿ, ਸਾਵਧਾਨੀ ਵਜੋਂ ਡਾਕਟਰ ਨੇ ਉਸ ਨੂੰ ਟੈਟਨਸ (Tetanus) ਦਾ ਇੰਜੈਕਸ਼ਨ ਲਗਵਾਉਣ ਦੀ ਸਲਾਹ ਦਿੱਤੀ ਅਤੇ ਕੁਝ ਦਵਾਈਆਂ ਲਿਖ ਕੇ ਦਿੱਤੀਆਂ। ਐਮਰਜੈਂਸੀ ਵਾਰਡ 'ਚ ਟੀਟੀ (TT) ਦਾ ਇੰਜੈਕਸ਼ਨ ਲਗਾਉਣ ਤੋਂ ਬਾਅਦ ਨੌਜਵਾਨ ਨੂੰ ਘਰ ਭੇਜ ਦਿੱਤਾ ਗਿਆ। ਇਹ ਅਜੀਬੋ-ਗਰੀਬ ਮਾਮਲਾ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ 'ਚ ਕਾਫ਼ੀ ਦੇਰ ਤੱਕ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
