''ਸਿਰਸਾ-ਕਾਲਕਾ ਨੇ ''ਹੈਪੀਨੈੱਸ ਥੈਰੇਪੀ'' ਦੇ ਨਾਂ ''ਤੇ ਫਿਲਮੀ ਗਾਣੇ ਵਜਾਉਣ ਦੀ ਮਨਜ਼ੂਰੀ ਦੇ ਕੇ ਆਪਣੀ ਮੂਰਖਤਾ ਜ਼ਾਹਰ ਕੀਤੀ''
Sunday, Jun 06, 2021 - 09:47 PM (IST)
ਨਵੀਂ ਦਿੱਲੀ(ਬਿਊਰੋ)- ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕੋਵਿਡ ਸੈਂਟਰ 'ਚ 'ਹੈਪੀਨੈੱਸ ਥੈਰੇਪੀ' ਦੇ ਨਾਂ 'ਤੇ ਰੋਮਾਂਟਿਕ ਫਿਲਮੀ ਗਾਣੇ ਵਜਾਉਣ ਦੇ ਮਾਮਲੇ 'ਚ ਜਾਗੋ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਿਕਾਇਤ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਅਸਥਾਨ, ਗੁਰਦੁਆਰਾ ਰਕਾਬਗੰਜ ਸਾਹਿਬ 'ਚ 1984 ਘੱਲੂਘਾਰੇ ਦੀ ਬਰਸੀ 'ਤੇ ਹੋਏ ਇਸ ਰੰਗੀਲੇ ਪ੍ਰੋਗਰਾਮ ਦੇ ਕਾਰਨ ਸਿੱਖ ਸਨਮਾਨ 'ਤੇ ਸੱਟ ਵੱਜਣ ਅਤੇ ਗੁਰਬਾਣੀ ਦੀ ਬੇਅਦਬੀ ਹੋਣ ਦਾ ਦਾਅਵਾ ਕਰਦੇ ਹੋਏ ਜਾਗੋ ਪਾਰਟੀ ਦੇ ਅੰਤਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੇ ਲਈ ਮੰਗ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ- ਸੋਚੀ-ਸਮਝੀ ਸਾਜਿਸ਼ ਤਹਿਤ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਕੀਤਾ ਸੀ ਹਮਲਾ : ਕੋਹਾੜ
ਇਸ ਸ਼ਿਕਾਇਤ 'ਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰਨ ਦੀ ਮੰਗ ਕਰਦੇ ਹੋਏ ਜੀ. ਕੇ. ਨੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਤੁਰੰਤ ਬਰਖਾਸਤ ਕਰਨ ਦੀ ਸਲਾਹ ਵੀ ਜਥੇਦਾਰ ਨੂੰ ਦਿੱਤੀ । ਜੀ. ਕੇ. ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਵਿੱਤਰ ਸ਼ਹੀਦੀ ਅਸਥਾਨ 'ਤੇ ਹੋਣ ਵਾਲੇ ਵਿਆਹ ਅਤੇ ਹੋਰ ਸਮਾਗਮਾਂ 'ਚ ਵੀ ਡੀ. ਜੇ.,ਢੋਲ ਅਤੇ ਬੈਂਡ ਵਜਾਉਣ ਦੀ ਸਖਤ ਮਨਾਹੀ ਹੈ, ਬਰਾਤੀਆਂ ਨੂੰ ਢੋਲ ਅਤੇ ਬੈਂਡ ਵਜਾਉਣ ਦੀ ਇਜ਼ਾਜਤ ਸ੍ਰੀ ਗੁਰੂ ਰਕਾਬਗੰਜ ਗੁਰਦੁਆਰੇ ਤੋਂ 100 ਮੀਟਰ ਪਹਿਲੇ ਤੱਕ ਦੀ ਹੈ ਪਰ ਕੋਵਿਡ ਸੈਂਟਰ 'ਚ ਸਿਰਸਾ-ਕਾਲਕਾ ਨੇ ਹੈਪੀਨੈੱਸ ਥੈਰੇਪੀ ਦੇ ਨਾਂ 'ਤੇ ਰੋਮਾਂਟਿਕ ਫਿਲਮੀ ਗਾਣੇ ਨੂੰ ਵਜਾਉਣ ਦੀ ਇਜ਼ਾਜਤ ਦੇ ਆਪਣੀ ਨਾਸਮਜੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ- ਪੁਲਸ ਵਲੋਂ ਮਸਾਜ ਕੇਂਦਰ 'ਤੇ ਛਾਪੇਮਾਰੀ, ਦੁਕਾਨ ਮਾਲਕ ਸਮੇਤ 7 ਕਾਬੂ
ਜੀ. ਕੇ. ਨੇ ਕਿਹਾ ਕਿ ਗੁਰੂਬਾਣੀ 'ਚ ਅਸੀਮ ਸ਼ਕਤੀ ਹੈ, ਗੁਰੂਬਾਣੀ ਨੂੰ ਪੜ੍ਹਨ ਅਤੇ ਸੁਣਨ ਨਾਲ ਦੁੱਖ, ਰੋਗ ਅਤੇ ਸੰਤਾਪ ਦੂਰ ਹੋ ਜਾਂਦੇ ਹਨ, ਪਰ ਗੁਰੂਬਾਣੀ ਨੂੰ ਦੂਰ ਕਰ ਫਿਲਮੀ ਗਾਣਿਆਂ ਨਾਲ ਖੂਸ਼ੀਆਂ ਕੋਈ ਮੂਰਖ ਹੀ ਲੱਭ ਸਕਦਾ ਹੈ। ਇਸ ਲਈ ਇਹ ਸਵਾਲ ਪੈਦਾ ਹੁੰਦਾ ਹੈ ਕਿ ਗੁਰੂਬਾਣੀ ਹੈਪੀਨੈੱਸ (ਖੂਸ਼ੀ) ਨਹੀਂ ਪੈਦਾ ਕਰਦੀ? ਜਾਂ ਕਮੇਟੀ ਦੇ ਪ੍ਰਬੰਧਕਾਂ ਨੂੰ ਅਧਿਆਤਮਕ ਸੋਚ ਨਾਲੋਂ ਰੰਗੀਲੀ ਸ਼ੈਲੀ 'ਤੇ ਜ਼ਿਆਦਾ ਭਰੋਸਾ ਹੈ? ਕਿ ਸ਼ਹਾਦਤ ਵਾਲੇ ਅਸਥਾਨ 'ਤੇ ਮਰਿਆਦਾ ਦੀ ਰਾਖੀ ਕਰਨ ਦੀ ਜ਼ਿੰਮੇਦਾਰੀ ਦਿੱਲੀ ਕਮੇਟੀ ਦੀ ਨਹੀਂ ਬਣਦੀ? ਇਕ ਤਰਫ ਸਿੱਖ ਭਾਈਚਾਰਾ 1 ਤੋਂ 6 ਜੂਨ ਤੱਕ ਹਰ ਸਾਲ 1984 ਦੇ ਸ਼ਹੀਦਾਂ ਨੂੰ ਯਾਦ ਕਰਦਾ ਹੈ। ਇਸ ਲਈ 1984 ਘੱਲੂਘਾਰੇ ਦੇ ਸ਼ੋਕ ਵਾਲੇ ਹਫਤੇ 'ਚ ਫਿਲਮੀ ਗਾਣੇ ਵਜਾਉਣਾ ਕੌਮ ਦੇ ਸ਼ਹੀਦਾਂ ਦਾ ਅਪਮਾਨ ਕਰਨਾ ਹੈ। ਜਥੇਦਾਰ ਨੂੰ ਲਗਾਤਾਰ ਦਿੱਲੀ ਕਮੇਟੀ ਪ੍ਰਬੰਧਕਾਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਨਾ ਕਰਨ ਦੀ ਦੁਹਾਈ ਦਿੰਦੇ ਹੋਏ ਜੀ. ਕੇ. ਨੇ ਕਿਹਾ ਕਿ ਜਥੇਦਾਰ ਦਿੱਲੀ ਦੀ ਸੰਗਤ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ ਤਾ ਹੀ ਚੰਗਾ ਹੋਵੇਗਾ।