ਪਿਤਾ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਐਂਬੂਲੈਂਸ ਰਾਹੀਂ ਦਿੱਲੀ ਪਹੁੰਚਿਆ ਸ਼ਖਸ, ਵਾਪਸੀ ''ਤੇ ਲੈ ਆਇਆ ਲਾੜੀ

04/30/2020 1:36:10 PM

ਮੁਜ਼ੱਫਰਨਗਰ-ਦੇਸ਼ ਭਰ 'ਚ ਖਤਰਨਾਕ ਕੋਰੋਨਾਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਹੈ। ਇਸ ਦੌਰਾਨ ਕਈ ਲੋਕ ਗਲਤ ਤਰੀਕਿਆਂ ਨਾਲ ਕਈ ਗੈਰ-ਜ਼ਰੂਰੀ ਕੰਮ ਵੀ ਕਰ ਰਹੇ ਹਨ। ਅਜਿਹਾ ਹੀ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸ਼ਖਸ ਨੇ ਆਪਣੇ ਪਿਤਾ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਐਂਬੂਲੈਂਸ ਰਾਹੀਂ ਦਿੱਲੀ ਲੈ ਗਿਆ ਪਰ ਵਾਪਸੀ ਸਮੇਂ ਲਾੜੀ ਨੂੰ ਲੈ ਘਰ ਪਹੁੰਚਿਆ, ਜਿਸ ਕਾਰਨ ਪੂਰੇ ਪਰਿਵਾਰ ਨੂੰ ਕੁਆਰੰਟੀਨ ਕਰ ਦਿੱਤਾ ਗਿਆ। 

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ 26 ਸਾਲਾ ਅਹਿਮਦ ਨੇ ਦਿੱਲੀ ਜਾਣ ਲਈ ਇਕ ਐਬੂਲੈਂਸ ਬੁੱਕ ਕੀਤੀ। ਆਪਣੇ ਪਿਤਾ ਦੀ ਬੀਮਾਰੀ ਦਾ ਬਹਾਨਾ ਕੇ ਉਨ੍ਹਾਂ ਨੂੰ ਡ੍ਰਿਪ ਲਾ ਕੇ ਸਟ੍ਰੈਚਰ 'ਤੇ ਲਿਟਾ ਦਿੱਤਾ। ਰਸਤੇ 'ਚ ਸਾਰੇ ਚੈੱਕ ਪੋਸਟਾਂ 'ਤੇ ਪਿਤਾ ਦੀ ਬੀਮਾਰੀ ਦਾ ਬਹਾਨਾ ਬਣਾ ਕੇ ਅਹਿਮਦ ਦਿੱਲੀ ਪਹੁੰਚ ਗਿਆ। ਦਿੱਲੀ 'ਚ ਉਨ੍ਹਾਂ ਨੇ ਨਿਕਾਹ ਕੀਤਾ। ਇਸ ਤੋਂ ਬਾਅਦ ਬਿਲਕੁਲ ਉਸੇ ਤਰੀਕੇ ਨਾਲ ਉਹ ਆਪਣੀ ਪਤਨੀ ਨੂੰ ਐਬੂਲੈਂਸ ਰਾਹੀਂ ਲੈ ਕੇ ਘਰ ਆ ਗਿਆ ਹਾਲਾਂਕਿ ਨਵੀਂ ਨੂੰਹ ਆਉਣ ਦੀ ਇਹ ਖੁਸ਼ੀ ਇਸ ਪਰਿਵਾਰ ਲਈ ਜ਼ਿਆਦਾ ਲੰਬੇ ਸਮੇਂ ਲਈ ਟਿਕ ਨਹੀਂ ਸਕੀ। ਇਸ ਸਬੰਧੀ ਸੂਚਨਾ ਕਿਸੇ ਨੇ ਪੁਲਸ ਨੂੰ ਦੇ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਇਸਲਾਮਨਗਰ ਸਥਿਤ ਅਹਿਮਦ ਦੇ ਘਰ ਪਹੁੰਚ ਗਈ। ਇੱਥੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੈਂਪਲ ਲਏ ਗਏ ਅਤੇ ਪੂਰੇ ਪਰਿਵਾਰ ਨੂੰ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ। ਖਤੌਲੀ ਦੇ ਐੱਸ.ਐੱਚ.ਓ ਸੰਤੋਸ਼ ਤਿਆਗੀ ਨੇ ਦੱਸਿਆ, ਅਹਿਮਦ ਦੇ ਪੂਰੇ ਪਰਿਵਾਰ ਨੂੰ ਕੁਆਰੰਟੀਨ 'ਚ ਰੱਖਿਆ ਗਿਆ ਹੈ। ਪੁਲਸ ਨੇ ਐਂਬੂਲੈਂਸ ਦੇ ਡਰਾਈਵਰ ਖਿਲਾਫ ਵੀ ਆਈ.ਪੀ.ਸੀ ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ।


Iqbalkaur

Content Editor

Related News