ਤਿਆਗੀ ਦੇ ਮਾਮਲੇ ’ਚ ਬੁਲਡੋਜ਼ਰ ਦੀ ਕਾਰਵਾਈ ਦਿਖਾਵਾ, ਕੌਣ ਉਸ ਨੂੰ ਬਚਾਉਂਦਾ ਰਿਹਾ: ਪ੍ਰਿਯੰਕਾ
Tuesday, Aug 09, 2022 - 12:22 PM (IST)
ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਨੇ ਸੋਮਵਾਰ ਨੂੰ ਨੋਇਡਾ ’ਚ ਇਕ ਔਰਤ ਨਾਲ ਬਦਸਲੂਕੀ ਦੇ ਮੁਲਜ਼ਮ ਸ਼੍ਰੀਕਾਂਤ ਤਿਆਗੀ ਦੀਆਂ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾਵਾਂ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਇਸ ਮਾਮਲੇ ’ਚ ਬੁਲਡੋਜ਼ਰ ਦੀ ਕਾਰਵਾਈ ਦਿਖਾਵਾ ਹੈ। ਉਨ੍ਹਾਂ ਨੇ ਇਹ ਵੀ ਸਵਾਲ ਕੀਤਾ ਕਿ ਆਖਿਰ ਤਿਆਗੀ ਨੂੰ ਕੌਣ ਬਚਾਉਂਦਾ ਆਇਆ ਹੈ ਅਤੇ ਕੀ ਭਾਜਪਾ ਸਰਕਾਰ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੇ ਨਾਜਾਇਜ਼ ਨਿਰਮਾਣ ਕਰਵਾਏ ਹੋਏ ਹਨ?
ਉੱਤਰ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਪ੍ਰਿਯੰਕਾ ਨੇ ਟਵੀਟ ਕੀਤਾ, ‘ਕੀ ਭਾਜਪਾ ਸਰਕਾਰ ਨੂੰ ਇੰਨੇ ਸਾਲਾਂ ਤੋਂ ਪਤਾ ਨਹੀਂ ਸੀ ਕਿ ਨੋਇਡਾ ਦੇ ਭਾਜਪਾ ਨੇਤਾ ਦਾ ਨਿਰਮਾਣ ਗੈਰ-ਕਾਨੂੰਨੀ ਹਨ? ਬੁਲਡੋਜ਼ਰ ਦੀ ਕਾਰਵਾਈ ਦਿਖਾਵਾ ਹੈ।’ ਉਨ੍ਹਾਂ ਨੇ ਦੋਸ਼ ਲਾਇਆ, ‘ਸਰਕਾਰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਤੋਂ ਬਚ ਰਹੀ ਹੈ। ਇਕ ਔਰਤ ਨਾਲ ਸ਼ਰੇਆਮ ਬਦਸਲੂਕੀ ਅਤੇ 10-15 ਗੁੰਡੇ ਭੇਜ ਕੇ ਔਰਤਾਂ ਨੂੰ ਧਮਕਾਉਣ ਦੀ ਹਿੰਮਤ ਉਸ ਨੂੰ ਕੌਣ ਦੇ ਰਿਹਾ ਹੈ?’ ਪ੍ਰਿਯੰਕਾ ਨੇ ਸਵਾਲ ਕੀਤਾ, ‘ਕਿਸ ਦੀ ਸਰਪ੍ਰਸਤੀ ’ਚ ਉਨ੍ਹਾਂ ਦੀ ਗੁੰਡਾਗਰਦੀ ਅਤੇ ਗੈਰ-ਕਾਨੂੰਨੀ ਕਾਰੋਬਾਰ ਵਧਿਆ?’