ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ ਕਰੇਗਾ ਮਾਮਲਾ
Saturday, May 02, 2026 - 08:42 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਤੋਂ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਾਂ ਵੱਲੋਂ ਆਪਣੇ ਹੀ ਚਾਰ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਖ਼ੌਫ਼ਨਾਕ ਵਾਰਦਾਤ ਜ਼ਿਲ੍ਹਾ ਹੈੱਡਕੁਆਰਟਰ ਅਕਬਰਪੁਰ ਦੇ ਮੀਰਾਨਪੁਰ ਮੁਹੱਲੇ ਵਿੱਚ ਸ਼ਨੀਵਾਰ ਦੁਪਹਿਰ ਕਰੀਬ ਤਿੰਨ ਵਜੇ ਸਾਹਮਣੇ ਆਈ।
ਜਾਣਕਾਰੀ ਅਨੁਸਾਰ, ਘਰ ਦੇ ਅੰਦਰ ਇਕ ਬਿਸਤਰੇ 'ਤੇ ਚਾਰ ਛੋਟੇ ਬੱਚਿਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਮਿਲੀਆਂ। ਹੈਰਾਨੀ ਦੀ ਗੱਲ ਇਹ ਸੀ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਬੱਚਿਆਂ ਦੀ ਮਾਂ ਮੌਕੇ ਤੋਂ ਗਾਇਬ ਸੀ। ਮ੍ਰਿਤਕ ਬੱਚਿਆਂ ਦੀ ਪਛਾਣ ਸ਼ਫੀਕ, ਸਊਦ, ਉਮਰ ਅਤੇ ਪੁੱਤਰੀ ਬਿਆਨ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ!
ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਿਆਂ ਦਾ ਪਿਤਾ ਨਿਆਜ਼ ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ਵਿੱਚ ਨੌਕਰੀ ਕਰ ਰਿਹਾ ਹੈ। ਉੱਥੇ ਉਸ ਨੇ ਇਕ ਪਾਕਿਸਤਾਨੀ ਮਹਿਲਾ ਨਾਲ ਦੂਜਾ ਨਿਕਾਹ ਕਰ ਲਿਆ ਸੀ, ਜਿਸ ਕਾਰਨ ਉਸ ਦੀ ਪਤਨੀ ਕਾਫ਼ੀ ਤਣਾਅ ਵਿੱਚ ਰਹਿੰਦੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਮਹਿਲਾ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੈ।
ਅੰਬੇਡਕਰ ਨਗਰ ਦੀ ਐਸ.ਪੀ. ਪ੍ਰੀਤੀ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਮਹਿਲਾ ਨੇ ਆਪਣੇ ਚਾਰ ਬੱਚਿਆਂ ਦਾ ਕਤਲ ਕਰ ਦਿੱਤਾ ਹੈ ਅਤੇ ਉਹ ਖੁਦ ਫਰਾਰ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੇਕਰ ਕਮਰਾ ਅੰਦਰੋਂ ਬੰਦ ਸੀ ਤਾਂ ਮਹਿਲਾ ਬਾਹਰ ਕਿਵੇਂ ਨਿਕਲੀ। ਪੁਲਸ ਨੇ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫਰਾਰ ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- IPL ਵਿਚਾਲੇ ਛੱਡ ਗਏ 3 ਵਿਦੇਸ਼ੀ ਖਿਡਾਰੀ!
