ਸ਼ਿਵਰਾਜ ਸਿੰਘ ਚੌਹਾਨ ਨੇ ਨੇਤਾਵਾਂ ਨਾਲ ਇਕ ਸੁਰ ''ਚ ਗਾਇਆ ''ਵੰਦੇ ਮਾਤਰਮ''
Monday, Jan 07, 2019 - 12:13 PM (IST)

ਭੋਪਾਲ (ਵਾਰਤਾ)— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਭਾਜਪਾ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਆਲਾ ਨੇਤਾਵਾਂ ਨੇ ਇਕ ਸੁਰ ਵਿਚ ਵੰਦੇ ਮਾਤਰਮ ਗਾਇਆ। ਨੇਤਾਵਾਂ ਨੇ ਵੰਦੇ ਮਾਤਰਮ ਅੱਜ ਭਾਵ ਸੋਮਵਾਰ ਨੂੰ ਨਵੇਂ ਗਠਿਤ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਭੋਪਾਲ ਸਥਿਤ ਮੰਤਰਾਲੇ ਕੰਪਲੈਕਸ ਵਿਚ ਗਾਇਆ। ਪ੍ਰਦੇਸ਼ ਵਿਚ ਇਸ ਸਾਲ ਮਹੀਨੇ ਦੀ ਪਹਿਲੀ ਤਰੀਕ ਨੂੰ ਮੰਤਰਾਲੇ ਵਿਚ ਵੰਦੇ ਮਾਤਰਮ ਗਾਉਣ ਦੀ ਪਰੰਪਰਾ ਦਾ ਪਾਲਣ ਨਾ ਹੋਣ ਤੋਂ ਬਾਅਦ ਭਾਜਪਾ ਪਾਰਟੀ ਨੇ ਤਿੱਖਾ ਵਿਰੋਧ ਕੀਤਾ ਸੀ। ਚੌਹਾਨ ਨੇ ਕਿਹਾ ਸੀ ਕਿ ਉਹ ਖੁਦ ਪਾਰਟੀ ਦੇ ਨੇਤਾਵਾਂ ਨਾਲ 7 ਜਨਵਰੀਨੂੰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵੰਦੇ ਮਾਤਰਮ ਗਾਉਣਗੇ ਅਤੇ ਇਸ ਤੋਂ ਬਾਅਦ ਪਾਰਟੀ ਵਿਧਾਨ ਸਭਾ ਤਕ ਪਾਰਟੀ ਮਾਰਚ ਕਰੇਗੀ।
ਸਮੂਹਕ ਰੂਪ 'ਚ ਵੰਦੇ ਮਾਤਰਮ ਗਾਉਣ ਤੋਂ ਬਾਅਦ ਚੌਹਾਨ ਨੇ ਕਿਹਾ ਕਿ ਕਾਂਗਰਸ ਨੇ ਵੰਦੇ ਮਾਤਰਮ ਗਾਉਣ ਨੂੰ ਫਿਰ ਤੋਂ ਨਵੇਂ ਰੂਪ ਵਿਚ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ, ਇਸ ਲਈ ਭਾਜਪਾ ਨੇ ਵਿਧਾਨ ਸਭਾ ਤਕ ਦੇ ਮਾਰਚ ਨੂੰ ਰੱਦ ਕਰ ਦਿੱਤਾ ਹੈ। ਚੌਹਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਭਾਵੇਂ ਹੀ ਵੰਦੇ ਮਾਤਰਮ ਦਾ ਰੂਪ ਬਦਲਣ ਦੀ ਗੱਲ ਆਖੀ ਹੋਵੇ ਪਰ ਵੰਦੇ ਮਾਤਰਮ ਦਾ ਰੂਪ ਹਮੇਸ਼ਾ 'ਭਾਰਤ ਮਾਤਾ ਕੀ ਜਯ' ਹੀ ਹੈ। ਇਸ ਤੋਂ ਪਹਿਲਾਂ ਚੌਹਾਨ ਨੇ ਟਵਿੱਟਰ 'ਤੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਸਾਰੇ ਲੋਕ ਜਿੱਥੇ ਵੀ ਹੋਣ, ਉੱਥੇ ਵੰਦੇ ਮਾਤਰਮ ਗਾਉਣ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਨੂੰ ਲਾਈਵ ਅਪਡੇਟ ਕਰਨ।