ਗਹਿਲੋਤ ਤੇ ਥਰੂਰ ਲੜਨਗੇ ਕਾਂਗਰਸ ਪ੍ਰਧਾਨ ਦੀ ਚੋਣ
Tuesday, Sep 20, 2022 - 11:06 AM (IST)
ਨਵੀਂ ਦਿੱਲੀ– ਕਾਂਗਰਸ ਦੇ ਦੋ ਦਿੱਗਜ ਆਗੂ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨਗੇ। ਇਕ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਹਨ ਅਤੇ ਦੂਜੇ ਪਾਸੇ ਕੇਰਲ ਤੋਂ ਪਾਰਟੀ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ।
ਸੂਤਰਾਂ ਮੁਤਾਬਕ ਗਹਿਲੋਤ 26 ਤੋਂ 28 ਸਤੰਬਰ ਦਰਮਿਆਨ ਕਿਸੇ ਵੀ ਸਮੇਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਇਸ ਦੇ ਨਾਲ ਹੀ ਥਰੂਰ ਨੇ ਸੋਮਵਾਰ ਨੂੰ ਸੋਨੀਆ ਗਾਂਧੀ ਨੂੰ ਮਿਲ ਕੇ ਮੈਦਾਨ ’ਚ ਉਤਰਣ ਦੀ ਤਿਆਰੀ ਵੀ ਕਰ ਲਈ ਹੈ।
ਸੂਤਰਾਂ ਮੁਤਾਬਕ ਥਰੂਰ ਨੇ ਸੋਮਵਾਰ ਨੂੰ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਚੋਣ ਲੜਨ ਦੀ ਇਜਾਜ਼ਤ ਮੰਗੀ। ਸੋਨੀਆ ਨੇ ਇਸ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਇਸ ਚੋਣ ’ਚ ਕਈ ਉਮੀਦਵਾਰਾਂ ਦਾ ਖੜ੍ਹਾ ਹੋਣਾ ਪਾਰਟੀ ਲਈ ਬਿਹਤਰ ਹੈ ਅਤੇ ਇਸ ’ਚ ਉਨ੍ਹਾਂ ਦੀ ਭੂਮਿਕਾ ਨਿਰਪੱਖ ਰਹੇਗੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਦੌਰਾਨ ਸੋਨੀਆ ਗਾਂਧੀ ਨੇ ਇਸ ਧਾਰਨਾ ਨੂੰ ਵੀ ਰੱਦ ਕਰ ਦਿੱਤਾ ਕਿ ਇਸ ਚੋਣ ’ਚ ਪਾਰਟੀ ਵੱਲੋਂ ਕੋਈ ‘ਬੇਸਿਕ ਕੈਂਡੀਡੇਟ’ ਹੋਵੇਗਾ।
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ।ਸੂਤਰਾਂ ਮੁਤਾਬਕ ਸੋਨੀਆ ਗਾਂਧੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗਾਂਧੀ ਪਰਿਵਾਰ ’ਚੋਂ ਕਾਂਗਰਸ ਦਾ ਅਗਲਾ ਪ੍ਰਧਾਨ ਨਹੀਂ ਹੋਵੇਗਾ। ਅਜਿਹੇ ’ਚ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਅਸ਼ੋਕ ਗਹਿਲੋਤ ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ।
ਇਸ ਦਰਮਿਆਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜੋ ਵੀ ਚੋਣ ਲੜਨਾ ਚਾਹੁੰਦਾ ਹੈ, ਉਹ ਉਸ ਦੇ ਲਈ ਸੁਤੰਤਰ ਹੈ ਅਤੇ ਉਸ ਦਾ ਸਵਾਗਤ ਹੈ। ਇਹੀ ਕਾਂਗਰਸ ਪ੍ਰਧਾਨ ਅਤੇ ਰਾਹੁਲ ਗਾਂਧੀ ਦਾ ਲਗਾਤਾਰ ਸਟੈਂਡ ਰਿਹਾ ਹੈ।
ਇਹ ਇਕ ਖੁੱਲ੍ਹੀ, ਲੋਕਤੰਤਰਿਕ ਅਤੇ ਪਾਰਦਰਸ਼ੀ ਪ੍ਰਕਿਰਿਆ ਹੈ। ਕਿਸੇ ਨੂੰ ਚੋਣ ਲੜਨ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ।