ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਨੂੰ ਲੈ ਕੇ ਸ਼ਰਦ ਪਵਾਰ ਦਾ PM ਮੋਦੀ ’ਤੇ ਨਿਸ਼ਾਨਾ

Sunday, Aug 18, 2024 - 10:20 AM (IST)

ਨਾਗਪੁਰ- ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਮੁਖੀ ਸ਼ਰਦ ਪਵਾਰ ਨੇ ਇਸ ਗੱਲ ਨੂੰ ਲੈ ਕੇ ਹੈਰਾਨੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਇਕ ਦੇਸ਼, ਇਕ ਚੋਣ’ ’ਤੇ ਜ਼ੋਰ ਦਿੱਤੇ ਜਾਣ ਦੇ ਬਾਵਜੂਦ ਸੂਬਿਆਂ ਦੀਆਂ ਅਗਲੀਆਂ ਚੋਣਾਂ ਇਕੱਠੀਆਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ। ਪਵਾਰ ਨੇ ਨਾਗਪੁਰ ’ਚ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੋ ਕਹਿੰਦੇ ਹਨ ਉਸ ’ਚ ਕੋਈ ਸੱਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਆਪਣੇ ਸੰਬੋਧਨ ’ਚ ‘ਇਕ ਦੇਸ਼, ਇਕ ਚੋਣ’ ਦੀ ਵਕਾਲਤ ਕੀਤੀ ਸੀ। 

ਫਿਰ ਵੀ ਆਗਾਮੀ ਸਮੇਂ ਵਿਚ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵੱਖ-ਵੱਖ ਸਮੇਂ 'ਤੇ ਕਰਵਾਈਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਸਤੰਬਰ-ਅਕਤੂਬਰ ’ਚ ਜੰਮੂ-ਕਸ਼ਮੀਰ ’ਚ 3 ਅਤੇ ਹਰਿਆਣਾ ’ਚ 1 ਪੜਾਅ ’ਚ ਚੋਣਾਂ ਕਰਾਉਣ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ। ਚੋਣ ਕਮਿਸ਼ਨ ਨੇ ਜੰਮੂ-ਕਸ਼ਮੀਰ ਚੋਣਾਂ ਲਈ ਵਾਧੂ ਸੁਰੱਖਿਆ ਫੋਰਸਾਂ ਦੀ ਲੋੜ ਅਤੇ ਮਹਾਰਾਸ਼ਟਰ ’ਚ ਤਿਉਹਾਰਾਂ ਦੌਰਾਨ ਹੋਣ ਵਾਲੀ ਭੀੜ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਮਹਾਰਾਸ਼ਟਰ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ।

ਵਿਰੋਧੀ ਗੱਠਜੋੜ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਦੀਆਂ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ (ਯੂ. ਬੀ. ਟੀ.) ਅਤੇ ਰਾਕਾਂਪਾ (ਐੱਸ. ਪੀ.) ਨੇ ਪਹਿਲਾਂ ਚੋਣ ਪ੍ਰੋਗਰਾਮ ਨੂੰ ਲੈ ਕੇ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਭਾਜਪਾ ਦੀ ਅਗਵਾਈ ਵਾਲਾ ਮਹਾਗੱਠਜੋੜ ਆਪਣੇ ਝੂਠੇ ਵਾਅਦਿਆਂ ਨਾਲ ਮਹਾਰਾਸ਼ਟਰ ਦੇ ਲੋਕਾਂ ਨੂੰ ‘ਮੂਰਖ’ ਬਣਾਉਣ ਲਈ ਹੋਰ ਸਮਾਂ ਚਾਹੁੰਦਾ ਹੈ।


Tanu

Content Editor

Related News