ਕੇਂਦਰ ਸਰਕਾਰ ਦੀਆਂ ਨੀਤੀਆਂ ਤਾਨਾਸ਼ਾਹੀ ਵਾਲੀਆਂ : ਪਵਾਰ

Friday, Jan 10, 2020 - 09:17 AM (IST)

ਕੇਂਦਰ ਸਰਕਾਰ ਦੀਆਂ ਨੀਤੀਆਂ ਤਾਨਾਸ਼ਾਹੀ ਵਾਲੀਆਂ : ਪਵਾਰ

ਮੁੰਬਈ–ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ ਨੇ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਰਾਹੀਂ ਦੇਸ਼ ਦੀ ਏਕਤਾ ਨੂੰ ਝਟਕਾ ਦੇਣ ਦਾ ਦੋਸ਼ ਲਾਉਂਦੇ ਹੋਏ ਵੀਰਵਾਰ ਕਿਹਾ ਕਿ ਉਸ ਦੀਆਂ ਤਾਨਾਸ਼ਾਹੀ ਵਾਲੀਆਂ ਨੀਤੀਆਂ ਦਾ ਜਵਾਬ ਮਹਾਤਮਾ ਗਾਂਧੀ ਵਲੋਂ ਦੱਸੇ ਗਏ ਅਹਿੰਸਕ ਤਰੀਕਿਆਂ ਨਾਲ ਦਿੱਤਾ ਜਾਣਾ ਚਾਹੀਦਾ ਹੈ।

ਪਵਾਰ ਨੇ ਇਥੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਦੀ ‘ਗਾਂਧੀ ਸ਼ਾਂਤੀ ਯਾਤਰਾ’ ਨੂੰ ਹਰੀ ਝੰਡੀ ਵਿਖਾਉਣ ਪਿੱਛੋਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇ. ਐੱਨ. ਯੂ. 'ਚ ਵਿਦਿਆਰਥੀਆਂ ’ਤੇ ਹਮਲੇ ਦੀ ਘਟਨਾ ਨਾਲ ਵਿਦਿਆਰਥੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਸਰਕਾਰ ਤਾਨਾਸ਼ਾਹੀ ਵਾਲੀਆਂ ਨੀਤੀਆਂ ’ਤੇ ਤੁਰ ਰਹੀ ਹੈ। ਜੇ.ਐੱਨ.ਯੂ. 'ਚ ਜੋ ਕੁਝ ਵੀ ਹੋਇਆ ਹੈ, ਦਾ ਪੂਰੇ ਦੇਸ਼ ਵਿਚ ਅਜੇ ਤੱਕ ਵਿਰੋਧ ਜਾਰੀ ਹੈ। ਸਰਕਾਰ ਦੀਆਂ ਨੀਤੀਆਂ ਦਾ ਜਵਾਬ ਅਹਿੰਸਕ ਢੰਗ ਨਾਲ ਦੇਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਦੇ ਕੁਝ ਕਦਮਾਂ ਨਾਲ ਦੇਸ਼ ਦੀ ਏਕਤਾ ਨੂੰ ਝਟਕਾ ਲੱਗਾ ਹੈ। ਸਮਾਜ ਦੇ ਛੋਟੇ ਵਰਗਾਂ ਦੇ ਮੈਂਬਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਨਹੀਂ ਹੋ ਰਹੀ। ਘੱਟ ਗਿਣਤੀ ਸਮੇਤ ਕਈ ਵਰਗਾਂ ਦੇ ਮੈਂਬਰ ਅਜਿਹੇ ਹਨ, ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਉਹ ਕਿਥੋਂ ਆਏ ਹਨ ਅਤੇ ਕਿਥੇ ਰਹਿਣਗੇ? ਸਰਕਾਰ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਲੋਕਾਂ ਨੂੰ ਲੱਗ ਰਿਹਾ ਹੈ ਕਿ ਜੇ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਸਰਕਾਰ ਵਲੋਂ ਬਣਾਏ ਗਏ ਕੈਂਪਾਂ ਵਿਚ ਰਹਿਣਾ ਪੈ ਸਕਦਾ ਹੈ।


author

Iqbalkaur

Content Editor

Related News