ਬਿਹਾਰ ''ਚ ਵੀ ਸ਼ਾਹਰੁਖ ਦੀ ''ਪਠਾਨ'' ਦਾ ਜ਼ਬਰਦਸਤ ਵਿਰੋਧ, ਭਾਜਪਾ ਨੇਤਾ ਦਾ ਬਿਆਨ- ਨਹੀਂ ਰਿਲੀਜ਼ ਹੋਣ ਦਿਆਂਗੇ ਫ਼ਿਲਮ
Tuesday, Dec 20, 2022 - 05:16 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ 'ਪਠਾਨ' ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। 'ਪਠਾਨ' 'ਚ ਦੀਪਿਕਾ ਪਾਦੂਕੋਣ ਦੇ ਭਗਵੇਂ ਪਹਿਰਾਵੇ ਦੇ ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਬੇਸ਼ਰਮ ਰੰਗ' ਦੇ ਕੁਝ ਦ੍ਰਿਸ਼ਾਂ 'ਤੇ ਵੱਖ-ਵੱਖ ਨੇਤਾਵਾਂ ਅਤੇ ਹਿੰਦੂ ਸੰਗਠਨਾਂ ਨੇ ਇਤਰਾਜ਼ ਜਤਾਇਆ ਹੈ। ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਇਸ ਸਭ ਦੇ ਵਿਚਕਾਰ ਬਿਹਾਰ 'ਚ ਵੀ 'ਪਠਾਨ' ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਇਕ ਨੇਤਾ ਨੇ ਧਮਕੀ ਦਿੱਤੀ ਹੈ ਕਿ ਉਹ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫ਼ਿਲਮ 'ਪਠਾਨ' ਨੂੰ ਬਿਹਾਰ 'ਚ ਰਿਲੀਜ਼ ਨਹੀਂ ਹੋਣ ਦੇਣਗੇ।
ਹਰੀ ਭੂਸ਼ਣ ਠਾਕੁਰ ਬਾਚੌਲ ਨੇ 'ਪਠਾਨ' ਦਾ ਕੀਤਾ ਵਿਰੋਧ
ਭਾਜਪਾ ਨੇਤਾ ਹਰੀ ਭੂਸ਼ਣ ਠਾਕੁਰ ਬਚੌਲ ਨੇ ਬਿਹਾਰ 'ਚ 'ਪਠਾਨ' ਦੀ ਰਿਲੀਜ਼ ਨੂੰ ਰੋਕਣ ਦੀ ਧਮਕੀ ਦਿੱਤੀ ਹੈ। ਬਾਚੌਲ ਨੇ ਕਿਹਾ, "ਇਹ ਫ਼ਿਲਮ ਦੇ ਨਿਰਮਾਤਾਵਾਂ ਦੁਆਰਾ ਦੇਸ਼ ਦੇ 'ਸਨਾਤਨ' ਸੱਭਿਆਚਾਰ ਨੂੰ ਕਮਜ਼ੋਰ ਕਰਨ ਦੀ ਇੱਕ ਘਟੀਆ ਕੋਸ਼ਿਸ਼ ਹੈ। ਭਗਵਾ ਰੰਗ 'ਸਨਾਤਨ' ਸੱਭਿਆਚਾਰ ਦਾ ਪ੍ਰਤੀਕ ਹੈ।"
ਭਾਜਪਾ ਨੇਤਾ ਨੇ ਕਿਹਾ, ''ਸੂਰਜ ਵੀ ਭੰਗਵਾ ਰੰਗ ਦਾ ਹੈ ਅਤੇ ਅੱਗ ਦਾ ਰੰਗ ਵੀ ਭੰਗਵਾ ਹੈ। ਇਹ ਕੁਰਬਾਨੀ ਦਾ ਪ੍ਰਤੀਕ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਭੰਗਵੇਂ ਨੂੰ 'ਬੇਸ਼ਰਮ' ਰੰਗ ਕਰਾਰ ਦਿੱਤਾ ਹੈ, ਜੋ ਕਿ ਬੇਹੱਦ ਮੰਦਭਾਗਾ ਅਤੇ ਇਤਰਾਜ਼ਯੋਗ ਹੈ। ਅਦਾਕਾਰਾ ਦਾ ਛੋਟਾ ਪਹਿਰਾਵਾ ਅਸ਼ਲੀਲਤਾ ਦਾ ਪ੍ਰਦਰਸ਼ਨ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਦੇਸ਼ ਵਾਸੀ ਫ਼ਿਲਮ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ।" ਉਨ੍ਹਾਂ ਕਿਹਾ, "ਅਸੀਂ ਫ਼ਿਲਮ ਨੂੰ ਬਿਹਾਰ ਦੇ ਸਿਨੇਮਾਘਰਾਂ 'ਚ ਰਿਲੀਜ਼ ਨਹੀਂ ਹੋਣ ਦੇਵਾਂਗੇ। ਭਾਜਪਾ ਦੇ ਵਰਕਰ ਸਾਰੇ ਸਿਨੇਮਾ ਘਰਾਂ 'ਚ ਪ੍ਰਦਰਸ਼ਨ ਕਰਨਗੇ।"
BJP leader Hari Bhushan Thakur Bachaul has threatened to stall the release of the #ShahRukhKhan and #DeepikaPadukone-starter film '#Pathaan' in Bihar.
— IANS (@ians_india) December 19, 2022
Photo: IANS (File) pic.twitter.com/jv1OhTCzBP
ਕਿਵੇਂ ਸ਼ੁਰੂ ਹੋਇਆ 'ਪਠਾਨ' ਵਿਵਾਦ?
'ਪਠਾਨ' ਦੇ ਗੀਤ 'ਬੇਸ਼ਰਮ ਰੰਗ' 'ਤੇ ਸਭ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ 'ਪਠਾਨ' ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਸੀ। ਮੰਤਰੀ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਿਸ਼ਰਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਗੀਤ 'ਚ ਭਗਵਾ ਅਤੇ ਹਰੇ ਰੰਗ ਦੀ ਵਰਤੋਂ ਕੀਤੀ ਗਈ ਹੈ, ਉਹ ਇਤਰਾਜ਼ਯੋਗ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੀਪਿਕਾ ਦੇ ਕੱਪੜੇ ਅਤੇ 'ਬੇਸ਼ਰਮ ਰੰਗ' 'ਚ ਕੁਝ ਦ੍ਰਿਸ਼ ਨਹੀਂ ਬਦਲੇ ਗਏ ਤਾਂ ਫ਼ਿਲਮ ਨੂੰ ਰਿਲੀਜ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਰਾਹੀਂ ਜ਼ਰੂਰ ਸਾਂਝੀ ਕਰੋ।