ਸੀਰੋ ਸਰਵੇਖਣ ਦਾ ਖੁਲਾਸਾ: ਦਿੱਲੀ ''ਚ ਵਧੇਰੇ ਕੋਰੋਨਾ ਪੀੜਤ ਮਰੀਜ਼ ਬਿਨਾਂ ਲੱਛਣ ਵਾਲੇ

Tuesday, Jul 21, 2020 - 04:28 PM (IST)

ਨਵੀਂ ਦਿੱਲੀ (ਵਾਰਤਾ)— ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਸਾਰ ਦਾ ਪਤਾ ਲਾਉਣ ਲਈ ਕੀਤੇ ਗਏ ਸੀਰੋ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਵਿਚ ਜ਼ਿਆਦਾਤਰ ਕੋਰੋਨਾ ਪੀੜਤ ਬਿਨਾਂ ਲੱਛਣਾਂ ਵਾਲੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਹੁਕਮ 'ਤੇ ਬੀਤੀ 27 ਜੂਨ ਤੋਂ 10 ਜੁਲਾਈ ਦਰਮਿਆਨ ਰਾਜਧਾਨੀ ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਵਿਚ ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ ਨੇ ਸੀਰੋ ਸਰਵੇਖਣ ਕੀਤਾ। ਇਸ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਪੂਰੀ ਦਿੱਲੀ ਵਿਚ ਔਸਤਨ 23.48 ਫੀਸਦੀ ਲੋਕਾਂ 'ਚ ਆਈ. ਜੀ. ਜੀ. ਯਾਨੀ ਕਿ ਇਮਯੁਨੋਗਲੋਬੁਲਿਨ ਜੀ ਐਂਟੀਬੌਡੀਜ਼ ਪਾਏ ਗਏ ਹਨ। ਕੋਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਵਿਚ ਆਮ ਤੌਰ 'ਤੇ ਇਹ ਐਂਟੀਬੌਡੀ ਵਾਇਰਸ ਦੇ ਕਰੀਬ  ਦੋ ਹਫਤੇ ਬਾਅਦ ਪਾਇਆ ਜਾਂਦਾ ਹੈ ਅਤੇ ਵਾਇਰਸ ਮੁਕਤ ਹੋਣ ਤੋਂ ਬਾਅਦ ਵੀ ਰਹਿੰਦਾ ਹੈ।

ਮੰਤਰਾਲਾ ਮੁਤਾਬਕ ਮਹਾਮਾਰੀ ਦੇ ਸ਼ੁਰੂ ਹੋਣ ਦੇ ਕਰੀਬ 6 ਮਹੀਨੇ ਬਾਅਦ ਵੀ ਸੰਘਣੀ ਆਬਾਦੀ ਵਾਲੀ ਦਿੱਲੀ ਵਿਚ 23.48 ਫੀਸਦੀ ਵਿਅਕਤੀਆਂ ਵਿਚ ਆਈ. ਜੀ. ਜੀ. ਐਂਟੀਬੌਡੀ ਪਾਏ ਗਏ, ਜੋ ਇਹ ਦਰਸਾਉਂਦਾ ਹੈ ਕਿ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਤੁਰੰਤ ਕਦਮ ਚੁੱਕੇ। ਹਾਲਾਂਕਿ ਇਸ ਦੇ ਬਾਵਜੂਦ ਅਜੇ ਬਹੁਤ ਵੱਡੀ ਆਬਾਦੀ 'ਤੇ ਕੋਰੋਨਾ ਵਾਇਰਸ ਦਾ ਖ਼ਤਰਾ ਮੰਡਰਾ ਰਿਹਾ ਹੈ, ਇਸ ਲਈ ਕੰਟੇਨਮੈਂਟ ਜ਼ੋਨ ਨੂੰ ਲੈ ਕੇ ਨੀਤੀਆਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। 

ਇਸ ਤੋਂ ਇਲਾਵਾ ਮੰਤਰਾਲਾ ਨੇ ਸਮਾਜਿਕ ਦੂਰੀ, ਫੇਸ ਮਾਸਕ ਦੇ ਇਸਤੇਮਾਲ, ਹੱਥ ਦੀ ਸਫਾਈ ਆਦਿ 'ਤੇ ਜ਼ੋਰ ਦਿੱਤਾ। ਭੀੜ ਵਾਲੇ ਇਲਾਕਿਆਂ ਵਿਚ ਜਾਣ ਨੂੰ ਨਜ਼ਰ ਅੰਦਾਜ਼ ਕਰਨ ਦੀ ਸਲਾਹ ਵੀ ਦਿੱਤੀ ਹੈ। ਇਸ ਸਰਵੇਖਣ ਤਹਿਤ ਵਿਅਕਤੀਆਂ ਤੋਂ ਲਿਖਤੀ 'ਚ ਸਹਿਮਤੀ ਲਈ ਗਈ ਅਤੇ ਫਿਰ ਭਾਰਤੀ ਆਯੁਵਿਗਿਆਨ ਖੋਜ ਸੰਸਥਾ (ਆਈ. ਸੀ. ਐੱਮ. ਆਰ.) ਵਲੋਂ ਕੋਵਿਡ ਕਵਚ ਏਲਾਇਜਾ ਦਾ ਇਸਤੇਮਾਲ ਕਰ ਕੇ ਉਨ੍ਹਾਂ ਦੇ ਖੂਨ ਦੀ ਜਾਂਚ ਕੀਤੀ ਗਈ।


Tanu

Content Editor

Related News