ਸੀਟ ''ਤੇ ਬੈਠਣ ਨੂੰ ਲੈ ਕੇ ਚੱਲਦੀ ਟਰੇਨ ''ਚ ਹੋਇਆ ਵਿਵਾਦ, ਨੌਜਵਾਨ ਦਾ ਚਾਕੂ ਮਾਰ ਕੇ ਕ.ਤ.ਲ
Thursday, Dec 05, 2024 - 05:43 PM (IST)
ਅਮੇਠੀ (ਭਾਸ਼ਾ)- ਜੰਮੂ ਤੋਂ ਵਾਰਾਣਸੀ ਆ ਰਹੀ ਬੇਗਮਪੁਰਾ ਐਕਸਪ੍ਰੈਸ ਵਿਚ ਸੀਟ 'ਤੇ ਬੈਠਣ ਨੂੰ ਲੈ ਕੇ ਵਿਵਾਦ ਹੋ ਗਿਆ। ਜਿਸ ਤੋਂ ਬਾਅਦ ਇਕ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਵੀਰਵਾਰ ਨੂੰ ਲਖਨਊ ਅਤੇ ਨਿਹਾਲਗੜ੍ਹ ਵਿਚਾਲੇ ਜੰਮੂ ਤੋਂ ਵਾਰਾਣਸੀ ਆ ਰਹੀ ਬੇਗਮਪੁਰਾ ਐਕਸਪ੍ਰੈੱਸ 'ਚ ਬੈਠਣ ਨੂੰ ਲੈ ਕੇ 2 ਯਾਤਰੀਆਂ ਵਿਚਾਲੇ ਝਗੜਾ ਹੋ ਗਿਆ ਅਤੇ ਮਾਮਲਾ ਇੰਨਾ ਵਧ ਗਿਆ ਕਿ ਇਕ ਵਿਅਕਤੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਤੌਹੀਦ (24) ਨਾਮ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਤੌਹੀਦ ਅੰਬਾਲਾ ਤੋਂ ਆਪਣੇ ਘਰ ਆ ਰਿਹਾ ਸੀ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਖਨਊ ਤੋਂ ਬਾਅਦ ਸੀਟ 'ਤੇ ਬੈਠਣ ਨੂੰ ਲੈ ਕੇ ਸੁਲਤਾਨਪੁਰ ਦੇ ਇਕ ਨੌਜਵਾਨ ਦਾ ਤੌਹੀਦ ਨਾਲ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀਆਂ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਤੌਹੀਦ 'ਤੇ ਚਾਕੂ ਅਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਤੌਹੀਦ ਨੇ ਇਸ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਸ ਦੇ ਦੋਵੇਂ ਭਰਾ ਨਿਹਾਲਗੜ੍ਹ ਰੇਲਵੇ ਸਟੇਸ਼ਨ 'ਤੇ ਪਹੁੰਚੇ, ਜਿੱਥੇ ਨੌਜਵਾਨਾਂ ਨੇ ਉਸ ਦੇ ਭਰਾਵਾਂ ਤਾਲਿਬ ਅਤੇ ਤੌਸੀਫ 'ਤੇ ਵੀ ਹਮਲਾ ਕਰ ਦਿੱਤਾ, ਜਿਸ 'ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਤਾਲਿਬ ਨੂੰ ਜਗਦੀਸ਼ਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਤੋਂ ਮੁੱਢਲੀ ਸਹਾਇਤਾ ਤੋਂ ਬਾਅਦ ਲਖਨਊ ਟਰਾਮਾ ਸੈਂਟਰ 'ਚ ਭੇਜ ਦਿੱਤਾ ਗਿਆ, ਜਦਕਿ ਤੌਸੀਫ ਦਾ ਇਲਾਜ ਸਿਹਤ ਕੇਂਦਰ 'ਚ ਜਾਰੀ ਹੈ। ਭਾਲੇ ਸੁਲਤਾਨ ਸ਼ਹੀਦ ਮੈਮੋਰੀਅਲ ਥਾਣਾ ਇੰਚਾਰਜ ਇੰਸਪੈਕਟਰ ਤਨੁਜ ਪਾਲ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੌਜਵਾਨਾਂ ਨੂੰ ਸਰਕਾਰੀ ਰੇਲਵੇ ਪੁਲੀਸ (ਜੀ.ਆਰ.ਪੀ.) ਨੇ ਸੁਲਤਾਨਪੁਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8