2 ਦਿਨ ਬੰਦ ਸਕੂਲ-ਕਾਲਜ, ਸਰਕਾਰ ਨੇ ਕਰ ''ਤਾ ਐਲਾਨ
Wednesday, Sep 24, 2025 - 10:18 AM (IST)

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਉਸ ਦੇ ਨੇੜਲੇ ਇਲਾਕਿਆਂ ’ਚ ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰ ਤੱਕ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ। ਪਾਣੀ ’ਚ ਬਿਜਲੀ ਦਾ ਕਰੰਟ ਫੈਲਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ। ਲੱਗਭਗ 4 ਦਹਾਕਿਆਂ ਬਾਅਦ ਪਏ ਇਸ ਮੀਂਹ ਕਾਰਨ ਹਵਾਈ, ਰੇਲ ਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸੇ ਕਰਕੇ ਉਕਤ ਸੂਬੇ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ ਤੇ ਸੂਬਾ ਸਰਕਾਰ ਨੂੰ 2 ਦਿਨ ਪਹਿਲਾਂ ਹੀ ਪੂਜਾ ਦੀਆਂ ਛੁੱਟੀਆਂ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪਿਆ ਹੈ।
ਕੁਦਰਤੀ ਆਫ਼ਤ ਅਤੇ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ। ਮੀਂਹ ਦੀ ਸਥਿਤੀ ਦੇ ਮੱਦੇਨਜ਼ਰ ਪੱਛਮੀ ਬੰਗਾਲ ਦੇ ਸਕੂਲਾਂ ਨੇ ਪਹਿਲਾਂ ਹੀ ਦੁਰਗਾ ਪੂਜਾ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿਸ ਕਾਰਨ ਸਕੂਲ ਅਤੇ ਕਾਲਜ 24-25 ਸਤੰਬਰ ਨੂੰ ਬੰਦ ਰਹਿਣਗੇ।
ਦੱਸ ਦੇਈਏ ਕਿ ਕੋਲਕਾਤਾ ਵਿਚ 24 ਘੰਟੇ ਤੋਂ ਵੀ ਘੱਟ ਸਮੇਂ ’ਚ ਰਿਕਾਰਡ 251.4 ਮਿਲੀਮੀਟਰ ਮੀਂਹ ਪਿਆ, ਜੋ 1986 ਤੋਂ ਬਾਅਦ ਸਭ ਤੋਂ ਵੱਧ ਮੀਂਹ ਹੈ। ਉਸ ਸਾਲ 259.5 ਮਿਲੀਮੀਟਰ ਮੀਂਹ ਪਿਆ ਸੀ। ਇਸ ਤੋਂ ਇਲਾਵਾ ਇਹ ਬੀਤੇ 137 ਸਾਲਾਂ ’ਚ ਇਕ ਦਿਨ ’ਚ ਪਿਆ 6ਵਾਂ ਸਭ ਤੋਂ ਵੱਧ ਮੀਂਹ ਹੈ। ਸਾਲ 1888 ’ਚ 253 ਮਿਲੀਮੀਟਰ ਮੀਂਹ ਪਿਆ ਸੀ। ਮੀਂਹ ਕਾਰਨ ਮੁੱਖ ਸੜਕਾਂ ਦੇ ਹਾਲਾਤ ਨਦੀਆਂ ਵਾਂਗ ਹੋ ਗਏ ਹਨ। ਮੈਟਰੋ ਤੇ ਟ੍ਰੇਨ ਸੇਵਾਵਾਂ ਬੰਦ ਹਨ ਤੇ ਹਵਾਈ ਯਾਤਰਾ ਵੀ ਪ੍ਰਭਾਵਿਤ ਹੋਈ। ਅਗਲੇ ਹਫ਼ਤੇ ਸ਼ੁਰੂ ਹੋ ਰਹੀ ਦੁਰਗਾ ਪੂਜਾ ਤੋਂ ਪਹਿਲਾਂ ਸ਼ਹਿਰ ’ਚ ਆਮ ਜਨਜੀਵਨ ’ਤੇ ਬੁਰਾ ਅਸਰ ਪਿਆ ਹੈ।