ਬੰਦ ਹੋਣ ਵਾਲੇ ਹਨ ਸਕੂਲ, ਮੁੜ ਆਨਲਾਈਨ ਕਲਾਸਾਂ ਲਾਉਣ ਦੀ ਤਿਆਰੀ !
Thursday, Nov 07, 2024 - 05:24 AM (IST)
ਨਵੀਂ ਦਿੱਲੀ - ਸਰਦੀਆਂ, ਗਰਮੀਆਂ ਦੀਆਂ ਛੁੱਟੀਆਂ ਤਾਂ ਹਰ ਕਿਸੇ ਨੂੰ ਮਿਲਦੀਆਂ ਹਨ ਪਰ ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਵੀ ਛੁੱਟੀਆਂ ਹੁੰਦੀਆਂ ਹਨ। ਦਰਅਸਲ, ਕਈ ਕਾਰਨਾਂ ਕਰਕੇ ਅਕਤੂਬਰ-ਨਵੰਬਰ ਵਿੱਚ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਸ਼ਹਿਰ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਜਾਂਦੇ ਹਨ। ਅੱਜ ਦੀ ਗੱਲ ਕਰੀਏ ਤਾਂ ਦਿੱਲੀ ਦੇ ਨਾਲ ਲਗਦੇ ਖੇਤਰਾਂ ਵਿੱਚ AQI 350 ਤੋਂ ਉੱਪਰ ਹੈ। ਇਸ ਕਾਰਨ ਇੱਥੇ ਰਹਿਣ ਵਾਲੇ ਜ਼ਿਆਦਾਤਰ ਲੋਕ ਕਈ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ।
ਦੱਸ ਦਈਏ ਕਿ ਸਾਲ 2023 ਵਿੱਚ ਵੀ ਪ੍ਰਦੂਸ਼ਣ ਕਾਰਨ, ਦਿੱਲੀ, ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸਕੂਲ ਅਤੇ ਹੋਰ ਵਿਦਿਅਕ ਅਦਾਰੇ 1 ਹਫ਼ਤੇ ਲਈ ਬੰਦ ਕਰ ਦਿੱਤੇ ਗਏ ਸਨ। ਇਸ ਸਾਲ ਵੀ ਪ੍ਰਦੂਸ਼ਣ ਕਾਰਨ ਪ੍ਰੇਸ਼ਾਨ ਮਾਪੇ ਸਕੂਲ ਬੰਦ ਕਰਨ ਦੀ ਮੰਗ ਕਰ ਰਹੇ ਹਨ। ਕਿਉਂਕਿ ਬੱਚਿਆਂ ਨੂੰ ਪ੍ਰਦੂਸ਼ਣ ਵਿੱਚ ਘਰੋਂ ਬਾਹਰ ਭੇਜਣਾ ਉਨ੍ਹਾਂ ਦੀ ਸਿਹਤ ਨਾਲ ਖੇਡਣ ਦੇ ਬਰਾਬਰ ਹੈ। ਬਿਹਾਰ ਅਤੇ ਝਾਰਖੰਡ ਵਿੱਚ ਛੱਠ ਪੂਜਾ ਕਾਰਨ ਕਈ ਸਕੂਲ ਅਜੇ ਵੀ ਬੰਦ ਹਨ। ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ 7 ਨਵੰਬਰ 2024 ਨੂੰ ਛੱਠ ਪੂਜਾ ਮੌਕੇ ਸਰਕਾਰੀ ਛੁੱਟੀ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਦਿੱਲੀ ਵਿੱਚ ਔਸਤ AQI 450 ਨੂੰ ਪਾਰ ਕਰਦੇ ਹੀ GRAP 4 ਲਾਗੂ ਕੀਤਾ ਜਾਵੇਗਾ। ਅਜਿਹਾ ਹੁੰਦੇ ਹੀ ਸਰਕਾਰ ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੰਦੀ ਹੈ। ਪਿਛਲੇ ਸਾਲ ਵੀ ਛੁੱਟੀਆਂ ਸ਼ੁਰੂ ਹੁੰਦੇ ਹੀ ਸਕੂਲਾਂ ਵਿੱਚ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਨਾਲ ਵਿਦਿਆਰਥੀਆਂ ਨੂੰ ਸਮੇਂ ਸਿਰ ਸਿਲੇਬਸ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। ਇਸ ਸਾਲ ਵੀ ਪ੍ਰਦੂਸ਼ਣ ਕਾਰਨ ਕਲਾਸਾਂ ਨੂੰ ਆਨਲਾਈਨ ਮੋਡ ‘ਤੇ ਸ਼ਿਫਟ ਕੀਤਾ ਜਾ ਸਕਦਾ ਹੈ। ਕਈ ਸਕੂਲਾਂ ਵਿੱਚ ਸਵੇਰ ਦੀ ਅਸੈਂਬਲੀ ਅਤੇ ਆਊਟਡੋਰ ਖੇਡਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।