ਇਨ੍ਹਾਂ ਇਲਾਕਿਆਂ ਦੇ ਸਕੂਲਾਂ 'ਚ ਛੁੱਟੀ ਦਾ ਐਲਾਨ, ਬਾਕੀ ਥਾਈਂ ਖੁੱਲੇ ਰਹਿਣਗੇ ਵਿਦਿਅਕ ਅਦਾਰੇ
Saturday, Nov 30, 2024 - 05:59 AM (IST)
ਨਵੀਂ ਦਿੱਲੀ : ਸ਼ਨੀਵਾਰ ਨੂੰ ਵੱਖ-ਵੱਖ ਇਲਾਕਿਆਂ ਵਿੱਚ ਸਕੂਲ ਬੰਦ ਰੱਖੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਹ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕਈ ਥਾਈਂ ਤਾਂ ਹਵਾ ਪ੍ਰਦੂਸ਼ਣ ਕਾਰਨ ਲਿਆ ਗਿਆ ਹੈ ਤੇ ਕੁਝ ਥਾਵਾਂ 'ਤੇ ਤੂਫਾਨ ਦੀ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ।
ਇਸ ਸੰਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਵੇਲੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਇਕੋ ਸਮੇਂ ਮੌਸਮ ਵਿਚ ਵੱਡਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਉੱਤਰੀ ਭਾਰਤ ਵਿੱਚ ਠੰਢ ਸ਼ੁਰੂ ਹੋ ਰਹੀ ਹੈ, ਜਦੋਂਕਿ ਦੱਖਣੀ ਭਾਰਤ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਸੰਬੰਧੀ ਮੌਸਮ ਵਿਭਾਗ ਵਲੋਂ ਬਕਾਇਦਾ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਹੈ। ਜਿਸ ਕਾਰਨ ਵੱਖ-ਵੱਖ ਸੂਬਿਆਂ ਵਿੱਚ ਕਈ ਕਾਰਨਾਂ ਕਰਕੇ ਸਕੂਲ ਬੰਦ ਹਨ।
ਦਿੱਲੀ ਵਿੱਚ ਸਕੂਲ ਬੰਦ?
ਅਕਤੂਬਰ ਤੋਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ ਸਮੇਤ ਕਈ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਇਥੇ ਸਮੋਗ ਦਾ ਕਹਿਰ ਵੀ ਵੇਖਣ ਨੂੰ ਮਿਲਿਆ। ਸਮੋਗ ਕਾਰਨ ਹਵਾ ਵਿੱਚ ਪ੍ਰਦੂਸ਼ਣ ਵੱਧਿਆ ਤਾਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਗਾਜ਼ੀਆਬਾਦ, ਫਰੀਦਾਬਾਦ ਸਮੇਤ ਕਈ ਥਾਵਾਂ ‘ਤੇ AQI 500-1800 ਦੇ ਵਿਚਾਲੇ ਦਰਜ ਕੀਤਾ ਗਿਆ। ਇਸ ਕਾਰਨ ਦਿੱਲੀ ਤੇ ਆਸ-ਪਾਸ ਦੇ ਖੇਤਰਾਂ ਵਿੱਚ ਗ੍ਰੇਪ-4 ਦੇ ਨਿਯਮ ਲਾਗੂ ਕਰਨੇ ਪਏ। ਹਲਾਂਕਿ ਪਹਿਲਾਂ ਗ੍ਰੇਪ-4 ਦੇ ਨਿਯਮਾਂ ਕਾਰਨ 12ਵੀਂ ਜਮਾਤ ਤਕ ਦੇ ਸਾਰੇ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸਨ ਪਰ ਹੁਣ ਸੁਪਰੀਮ ਕੋਰਟ ਨੇ ਦਿੱਲੀ-ਐਨਸੀਆਰ ਦੇ ਸਕੂਲ ਸੋਮਵਾਰ ਤੱਕ ਹਾਈਬ੍ਰਿਡ ਮੋਡ ਉਤੇ ਰਹਿਣਗੇ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਦਾ ਮਤਲਬ ਹੋਵੇਗਾ ਕਿ ਵਿਦਿਆਰਥੀ ਚਾਹੁਣ ਤਾਂ ਸਕੂਲ ਜਾ ਕੇ ਪੜ੍ਹ ਸਕਦੇ ਹਨ, ਤੇ ਸਕੂਲ ਆਨਲਾਇਨ ਕਲਾਸ ਦਾ ਵੀ ਪ੍ਰਬੰਧ ਕਰੇਗਾ।
ਹਰਿਆਣਾ 'ਚ ਸਕੂਲ ਬੰਦ
ਹਰਿਆਣਾ ਵਿੱਚ ਵੀ ਪ੍ਰਦੂਸ਼ਣ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ। ਸੂਬਾ ਸਰਕਾਰ ਨੇ ਸਥਾਨਕ ਪ੍ਰਸ਼ਾਸਨ ਨੂੰ ਹਵਾ ਪ੍ਰਦੂਸ਼ਣ ਦਾ ਮੁਲਾਂਕਣ ਕਰ ਕੇ ਸਕੂਲ ਬੰਦ ਕਰਨ ਦਾ ਫੈਸਲਾ ਲੈਣ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ। ਇਸ ਕਾਰਨ ਸੋਨੀਪਤ ਦੇ ਡੀਸੀ ਵਲੋਂ ਖਰਾਬ ਹਵਾ ਕਾਰਨ 5ਵੀਂ ਜਮਾਤ ਤਕ ਦੇ ਸਕੂਲ ਅਸਥਾਈ ਤੌਰ 'ਤੇ ਬੰਦ ਕਰਨ ਅਤੇ ਆਨਲਾਇਨ ਪੜ੍ਹਾਈ ਕਰਵਾਉਣ ਦਾ ਹੁਕਮ ਦਿੱਤਾ ਹੈ। ਉਥੇ ਹੀ ਗੁਰੂਗ੍ਰਾਮ ਤੇ ਫਰੀਦਾਬਾਦ ਵਿੱਚ ਵੀ ਸਥਾਨਕ ਪ੍ਰਸ਼ਾਸਨ ਹਲਾਤਾਂ ਦਾ ਮੁਲਾਂਕਣ ਕਰ ਰਿਹਾ ਹੈ।
ਤੂਫਾਨ ਕਾਰਨ ਬੰਦ ਹੋਏ ਸਕੂਲ
ਦੂਜੇ ਪਾਸੇ ਚੇਨਈ ਸਣੇ ਤਾਮਿਲਨਾਡੂ ਵਿੱਚ ਇਸ ਵੇਲੇ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਸੂਬਿਆਂ ਵਿੱਚ ਚੱਕਰਵਾਤ ਤੂਫਾਨ ਫੇਂਗਲ ਤਬਾਹੀ ਮਚਾ ਸਕਦਾ ਹੈ। ਜਿਸ ਕਾਰਨ ਚੇਨਈ ਸਮੇਤ ਦੱਖਣੀ ਭਾਰਤ ਦੀਆਂ ਕਈ ਥਾਵਾਂ ‘ਤੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਨੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿੱਚ ਸਕੂਲ ਅਤੇ ਕਾਲਜ ਬੰਦ ਕਰਨ ਦਾ ਫੈਸਲਾ ਕੀਤਾ ਹੈ।