ਸਕੂਲੀ ਬੱਚਿਆਂ ਨੂੰ ਹੁਣ ਇੰਨੇ ਦਿਨ ਬੈਗ ਤੋਂ ਮਿਲੇਗਾ ਛੁਟਕਾਰਾ, ਸਿੱਖਿਆ ਮੰਤਰਾਲਾ ਕਰ ਰਿਹੈ ਇਹ ਤਿਆਰੀ
Wednesday, Jul 10, 2024 - 11:45 AM (IST)
ਨਵੀਂ ਦਿੱਲੀ- ਕੇਂਦਰੀ ਸਿੱਖਿਆ ਮੰਤਰਾਲਾ ਨੇ ਸਕੂਲਾਂ 'ਚ 'ਬੈਗ ਫ੍ਰੀ ਡੇਅ' (ਬਿਨਾਂ ਸਕੂਲ ਬੈਗ) ਨੂੰ ਲੈ ਕੇ ਤਿਆਰ ਕੀਤੀ ਗਈ ਗਾਈਡਲਾਈਨਜ਼ ਦੀ ਸਮੀਖਿਆ ਕੀਤੀ ਹੈ। ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸੰਜੇ ਕੁਮਾਰ ਨੇ ਐੱਨ.ਸੀ.ਈ.ਆਰ.ਟੀ. ਦੀ ਯੂਨਿਟ ਵਲੋਂ ਤਿਆਰ ਗਾਈਡਲਾਈਨਜ਼ 'ਤੇ ਸੀ.ਬੀ.ਐੱਸ.ਈ., ਐੱਨ.ਸੀ.ਈ.ਆਰ.ਟੀ., ਕੇਂਦਰੀ ਸਕੂਲ ਸੰਗਠਨ, ਨਵੋਦਿਆ ਸਕੂਲ ਸੰਗਠਨ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ। ਇਹ ਤੈਅ ਕੀਤਾ ਗਿਆ ਹੈ ਕਿ ਸਮੀਖਿਆ ਤੋਂ ਬਾਅਦ ਹੁਣ ਜਲਦ ਹੀ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਸਕੂਲੀ ਸਿੱਖਿਆ ਲਈ ਜਾਰੀ ਕੀਤੇ ਗਏ ਨੈਸ਼ਨਲ ਕਰਿਕੁਲਮ ਫਰੇਮਵਰਕ (ਐੱਨ.ਸੀ.ਐੱਫ.) 'ਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਲਾਸਰੂਮ ਟੀਚਿੰਗ ਸਿਰਫ਼ ਕਿਤਾਬਾਂ ਦੀ ਦੁਨੀਆ ਹੀ ਨਹੀਂ ਸਗੋਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਵੀ ਮਿਲਾਉਣਾ ਚਾਹੀਦਾ। ਸਕੂਲਾਂ ਦੇ ਸਾਲਾਨਾ ਕਲੰਡਰ 'ਚ 10 Bagless Days ਹੋਣਗੇ ਯਾਨੀ ਇਸ ਦਿਨ ਵਿਦਿਆਰਥੀ ਬਿਨਾਂ ਬੈਗ ਅਤੇ ਕਿਤਾਬਾਂ ਦੇ ਸਕੂਲ ਜਾਣਗੇ। ਇਨ੍ਹਾਂ ਦਿਨਾਂ 'ਚ ਵਿਦਿਆਰਥੀਆਂ ਨੂੰ ਫੀਲਡ ਵਿਜਿਟ ਕਰਵਾਈ ਜਾਵੇਗੀ। ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਇਨ੍ਹਾਂ 10 ਦਿਨਾਂ 'ਚ ਵਿਦਿਆਰਥੀਆਂ ਨੂੰ ਸਥਾਨ ਸਥਿਤੀਆਂ ਬਾਰੇ ਜਾਗਰੂਕ ਕਰਨ, ਉਨ੍ਹਾਂ ਨੂੰ ਪਾਣੀ ਦੀ ਸ਼ੁੱਧਤਾ ਦੀ ਜਾਂਚ ਕਰਨਾ ਸਿਖਾਉਣ, ਸਥਾਨਕ ਬਨਸਪਤੀਆਂ ਅਤੇ ਜੀਵਾਂ ਨੂੰ ਪਛਾਣ ਅਤੇ ਸਥਾਨਕ ਸਮਾਰਕਾਂ ਦਾ ਦੌਰਾ ਕਰਵਾਇਆ ਜਾਵੇ। ਸਿੱਖਿਆ ਨੀਤੀ 'ਚ ਇਹ ਕਿਹਾ ਗਿਆ ਹੈ ਕਿ ਜਮਾਤ 6-8 ਦੇ ਸਾਰੇ ਵਿਦਿਆਰਥੀਆਂ ਲਈ 10 ਦਿਨ ਬਿਨਾਂ ਬੈਗ ਦੇ ਸਕੂਲ ਜਾਣਾ ਜ਼ਰੂਰੀ ਹੋਵੇਗਾ। ਇਸ ਦੌਰਾਨ ਵਿਦਿਆਰਥੀ ਲੋਕਲ ਸਕਿਲ ਮਾਹਿਰਾਂ ਨਾਲ ਇੰਟਰਸ਼ਿਪ ਕਰਨਗੇ ਅਤੇ ਰਵਾਇਤੀ ਸਕੂਲ ਵਿਵਸਥਾ ਤੋਂ ਬਾਹਰ ਦੀਆਂ ਗਤੀਵਿਧੀਆਂ 'ਚ ਹਿੱਸਾ ਲੈਣਗੇ। ਬੈਗਲੈੱਸ ਡੇਅਜ਼ ਦੌਰਾਨ ਕਲਾ, ਕਵਿਜ਼, ਖੇਡ ਅਤੇ ਕੌਸ਼ਲ ਆਧਾਰਤ ਸਿੱਖਿਆ ਵਰਗੀਆਂ ਵੱਖ-ਵੱਖ ਗਤੀਵਿਧੀਆਂ ਸ਼ਾਮਲ ਹੋਣਗੀਆਂ। ਵਿਦਿਆਰਥੀਆਂ ਨੂੰ ਜਮਾਤ ਦੇ ਬਾਹਰ ਦੀਆਂ ਗਤੀਵਿਧੀਆਂ ਨਾਲ ਸਮੇਂ-ਸਮੇਂ 'ਤੇ ਜਾਣੂੰ ਕਰਵਾਇਆ ਜਾਵੇਗਾ, ਜਿਸ 'ਚ ਇਤਿਹਾਸਕ, ਸੰਸਕ੍ਰਿਤੀ ਅਤੇ ਸੈਰ-ਸਪਾਟਾ ਸਥਾਨਾਂ ਦੀ ਯਾਤਰਾ, ਸਥਾਨਕ ਕਲਾਕਾਰਾਂ ਅਤੇ ਸ਼ਿਲਪਕਾਰਾਂ ਨਾਲ ਗੱਲਬਾਤ ਅਤੇ ਸਥਾਨਕ ਕੌਸ਼ਲ ਜ਼ਰੂਰਤਾਂ ਅਨੁਸਾਰ ਉਨ੍ਹਾਂ ਦੇ ਪਿੰਡ, ਤਹਿਸੀਲ, ਜ਼ਿਲ੍ਹੇ ਜਾਂ ਸੂਬੇ ਦੇ ਅੰਦਰ ਵੱਖ-ਵੱਖ ਸਿੱਖਿਅਕ ਸੰਸਥਾਵਾਂ ਦਾ ਦੌਰਾ ਸ਼ਾਮਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e