ਆਤਿਸ਼ੀ ਮਗਰੋਂ ਸੌਰਭ ਭਾਰਦਵਾਜ ਨੇ ਕੱਢੀ ਭੜਾਸ, ਕਿਹਾ- ਸਾਡੇ ਹੋਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ''ਚ BJP
Tuesday, Apr 02, 2024 - 12:46 PM (IST)
ਨਵੀਂ ਦਿੱਲੀ- ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਆਮ ਆਦਮੀ ਪਾਰਟੀ ਲਗਾਤਾਰ ਭਾਜਪਾ 'ਤੇ ਹਮਲਾਵਰ ਹੈ। ਦਿੱਲੀ ਦੀ ਮੰਤਰੀ ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਵਲੋਂ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ਦਾ ਆਫ਼ਰ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸੌਰਭ ਭਾਰਦਵਾਜ ਵੀ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਭਾਜਪਾ ਬੌਖਲਾ ਗਈ ਹੈ ਅਤੇ ਸਾਡੇ ਹੋਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ।
ਸੌਰਭ ਨੇ ਕਿਹਾ ਕਿ 31 ਮਾਰਚ ਨੂੰ ਰਾਮਲੀਲਾ ਮੈਦਾਨ ਵਿਚ ਲੋਕਾਂ ਦੀ ਭੀੜ ਵੇਖ ਕੇ ਭਾਜਪਾ ਦੇ ਹੋਸ਼ ਉੱਡ ਗਏ ਕਿਉਂਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਤਮਾਮ ਸਭ ਤੋਂ ਵੱਡੇ ਨੇਤਾ ਉਸ ਮੰਚ 'ਤੇ ਇਕੱਠੇ ਹੋਏ ਸਨ। ਭਾਜਪਾ ਨੇ ਸਭ ਕੁਝ ਕਰ ਦਿੱਤਾ ਅਤੇ ਸਾਡੇ ਨੇਤਾਵਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਫਿਰ ਵੀ ਪਾਰਟੀ ਖੜ੍ਹੀ ਹੈ ਅਤੇ ਹੁਣ ਜਨਤਾ ਨੂੰ ਪਤਾ ਲੱਗਾ ਹੈ ਕਿ ਪਾਰਟੀ ਤਾਂ ਮਜ਼ਬੂਤੀ ਨਾਲ ਖੜ੍ਹੀ ਹੈ। ਸੌਰਭ ਨੇ ਕਿਹਾ ਕਿ ਦਾਦਾਗਿਰੀ ਹੋ ਗਈ ਅਤੇ ਖੁੱਲ੍ਹਮ-ਖੁੱਲ੍ਹਾ ਗੁੰਡਾਗਰਦੀ ਹੋ ਰਹੀ ਹੈ। ਇਹ ਡਰਾ-ਧਮਕਾ ਕੇ ਸ਼ਾਸਨ ਚਲਾਉਣਾ ਚਾਹੁੰਦੇ ਹਨ, ਇਹ ਗੱਲ ਮੈਂ ਨਾ ਵੀ ਕਹਾਂ ਤਾਂ ਵੀ ਸਾਰੇ ਦੇਸ਼ ਦੀ ਜਨਤਾ ਜਾਣਦੀ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਕਿਸੇ ਬਹੁਤ ਕਰੀਬੀ ਆਦਮੀ ਜ਼ਰੀਏ ਆਫ਼ਰ ਦਿੱਤਾ ਗਿਆ ਹੈ ਕਿ ਜੇਕਰ ਆਮ ਆਦਮੀ ਪਾਰਟੀ ਛੱਡੋਗੇ ਤਾਂ ਬਹੁਤ ਵਧੀਆ ਕਰੀਅਰ ਬਣਾ ਦੇਵਾਂਗੇ ਅਤੇ ਜੇਕਰ ਨਹੀਂ ਛੱਡੋਗੇ ਤਾਂ ਜੇਲ੍ਹ ਜਾਓਗੇ 1 ਮਹੀਨੇ ਦੇ ਅੰਦਰ। ਇਹ ਤਾਂ ਖੁੱਲ੍ਹਮ-ਖੁੱਲ੍ਹਾ ਧਮਕੀ ਹੈ।
ਸੌਰਭ ਭਾਰਦਵਾਜ ਨੇ ਕਿਹਾ ਕਿ ਅੰਗਰੇਜ਼ਾਂ ਦੇ ਸਮੇਂ 'ਚ ਲੋਕ ਸਵਾਲ ਪੁੱਛਣ ਤੋਂ ਡਰਦੇ ਸਨ, ਭਾਰਤੀ ਲੋਕਾਂ ਨੂੰ ਡਰਾ-ਧਮਕਾ ਕੇ ਰਾਜ ਕਰਦੇ ਸਨ ਅਤੇ ਅੱਜ ਭਾਜਪਾ ਸਰਕਾਰ ਵੀ ਲਗਭਗ ਅਜਿਹਾ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਜਿੱਥੇ ਵੀ ਹੈ, ਉਹ ਜੇਲ੍ਹ ਵਿਚ ਨਹੀਂ ਹੈ। ਉਹ ਸਾਡੇ ਨਾਲ ਹੈ ਇਸ ਲਈ ਉਹ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੇ ਹਨ। ਦਿੱਲੀ ਦੇ ਤ ਸ਼ਰਾਬ ਘੁਟਾਲੇ ਦਾ ਜ਼ਿਕਰ ਕਰਦਿਆਂ ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਮੁਤਾਬਕ ਇਹ ਘੁਟਾਲਾ ਹਜ਼ਾਰਾਂ ਕਰੋੜਾਂ ਤੋਂ ਸ਼ੁਰੂ ਹੋਇਆ ਸੀ, ਜਦੋਂ ਤੱਕ ਇਹ ਇਲਜ਼ਾਮ ਈਡੀ ਅਤੇ ਸੀ. ਬੀ. ਆਈ ਤੱਕ ਪਹੁੰਚਿਆ, ਉਦੋਂ ਤੱਕ ਇਹ 300 ਕਰੋੜ ਤੇ 100 ਕਰੋੜ ਰੁਪਏ ਦਾ ਹੋ ਗਿਆ। ਹੁਣ ਈਡੀ ਦੇ ਕਾਗਜ਼ਾਂ ਵਿਚ ਦੋਸ਼ ਹੈ ਕਿ ਗੋਆ ਚੋਣਾਂ ਵਿਚ 70 ਤੋਂ 80 ਲੱਖ ਰੁਪਏ ਦਾ ਨਕਦ ਲੈਣ-ਦੇਣ ਹੋਇਆ ਸੀ।