ਰਾਹੁਲ ਗਾਂਧੀ ਨੂੰ ਦਿੱਤੀ ਇੰਟਰਵਿਊ ’ਚ ਬੋਲੇ ਸਤਿਆਪਾਲ ਮਲਿਕ, ਮੁੜ ਸੱਤਾ ਵਿਚ ਨਹੀਂ ਆਏਗੀ ਭਾਜਪਾ ਸਰਕਾਰ
Thursday, Oct 26, 2023 - 10:36 AM (IST)
ਨਵੀਂ ਦਿੱਲੀ (ਇੰਟ.)- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਇੰਟਰਵਿਊ ਲਿਆ ਹੈ। ਇਸ ਦਾ ਵੀਡੀਓ ਉਨ੍ਹਾਂ ਆਪਣੇ ਯੂ-ਟਿਊਬ ਅਕਾਊਂਟ ’ਤੇ ਪੋਸਟ ਕੀਤਾ ਹੈ। ਕਰੀਬ ਅੱਧੇ ਘੰਟੇ ਦੀ ਇਸ ਇੰਟਰਵਿਊ ’ਚ ਉਨ੍ਹਾਂ ਪੁਲਵਾਮਾ ਹਮਲਾ, ਕਿਸਾਨ ਅੰਦੋਲਨ, ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.), ਧਾਰਾ 370, ਜਾਤੀ ਮਰਦਮਸ਼ੁਮਾਰੀ ਤੇ ਮਣੀਪੁਰ ਹਿੰਸਾ ਸਮੇਤ ਕਈ ਮੁੱਦਿਆਂ ’ਤੇ ਸਵਾਲ ਪੁੱਛੇ। ਮਲਿਕ ਨੇ ਕਿਹਾ ਕਿ ਉਹ ਲਿਖਤੀ ਰੂਪ ਵਿੱਚ ਕਹਿੰਦੇ ਹਨ ਕਿ ਕੇਂਦਰ ਵਿੱਚ ਮੋਦੀ ਸਰਕਾਰ ਮੁੜ ਸੱਤਾ ਵਿੱਚ ਨਹੀਂ ਆਵੇਗੀ। ਜੰਮੂ-ਕਸ਼ਮੀਰ ਅਤੇ ਧਾਰਾ 370 ਬਾਰੇ ਮਲਿਕ ਨੇ ਕਿਹਾ ਕਿ ਮੇਰੀ ਰਾਏ ਹੈ ਕਿ ਉਥੋਂ ਦੇ ਲੋਕਾਂ ਨੂੰ ਤਾਕਤ ਜਾਂ ਫ਼ੌਜ ਨਾਲ ਠੀਕ ਨਹੀਂ ਕੀਤਾ ਜਾ ਸਕਦਾ। ਤੁਸੀਂ ਉੱਥੇ ਦੇ ਲੋਕਾਂ ਨੂੰ ਜਿੱਤ ਕੇ ਕੁਝ ਵੀ ਕਰ ਸਕਦੇ ਹੋ। ਮੈਂ ਉਨ੍ਹਾਂ ਲੋਕਾਂ ਨੂੰ ਭਰੋਸੇ ਵਿਚ ਲਿਆ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਧਾਰਾ 370 ਹਟਾ ਕੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਲਈ ਬਣਾਇਆ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਪੁਲਸ ਬਗਾਵਤ ਕਰ ਸਕਦੀ ਹੈ। ਹਾਲਾਂਕਿ ਜੰਮੂ-ਕਸ਼ਮੀਰ ਪੁਲਸ ਨੇ ਹਮੇਸ਼ਾ ਕੇਂਦਰ ਸਰਕਾਰ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਾਅਦਾ ਕੀਤਾ ਹੈ ਕਿ ਉਹ ਸੂਬੇ ਦਾ ਦਰਜਾ ਵਾਪਸ ਕਰਨਗੇ, ਇਸ ਲਈ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਵਾਪਸ ਕਰਨਾ ਚਾਹੀਦਾ ਹੈ। ਉੱਥੇ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।
ਪੁਲਵਾਮਾ ਹਮਲੇ ਦੀ ਸਿਆਸੀ ਵਰਤੋਂ ਕੀਤੀ ਗਈ
ਪੁਲਵਾਮਾ ਹਮਲੇ ਬਾਰੇ ਸਤਿਆਪਾਲ ਮਲਿਕ ਨੇ ਕਿਹਾ ਕਿ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਹਮਲਾ ਉਨ੍ਹਾਂ ਨੇ ਕਰਵਾਇਆ ਪਰ ਇਹ ਜ਼ਰੂਰ ਕਹਾਂਗਾ ਕਿ ਉਨ੍ਹਾਂ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਦੀ ਸਿਆਸੀ ਵਰਤੋਂ ਕੀਤੀ। ਇਨ੍ਹਾਂ ਦੇ ਬਿਆਨ ਹਨ ਕਿ ਜਦੋਂ ਵੋਟ ਪਾਉਣ ਜਾਓ ਤਾਂ ਪੁਲਵਾਮਾ ਦੀ ਸ਼ਹਾਦਤ ਨੂੰ ਜ਼ਰੂਰ ਯਾਦ ਰੱਖੋ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਵਾਈ ਅੱਡੇ ’ਤੇ ਲਿਆਂਦਾ ਗਿਆ ਤਾਂ ਮੈਨੂੰ ਕਮਰੇ ’ਚ ਬੰਦ ਕਰ ਦਿੱਤਾ ਗਿਆ ਸੀ। ਮੈਂ ਲੜ ਕੇ ਉਥੋਂ ਨਿਕਲਿਆ। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸ਼੍ਰੀਨਗਰ ਜਾਣਾ ਚਾਹੀਦਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਉਥੇ ਪੁੱਜੇ ਹੋਏ ਸਨ। ਮੈਂ ਉੱਥੇ ਸੀ। ਅਸੀਂ ਸ਼ਰਧਾਂਜਲੀ ਭੇਟ ਕੀਤੀ। ਜਿਸ ਦਿਨ ਇਹ ਵਾਪਰਿਆ, ਪੀ. ਐੱਮ. ਮੋਦੀ ਨੈਸ਼ਨਲ ਕਾਰਬੇਟ ਵਿੱਚ ਸ਼ੂਟਿੰਗ ਕਰ ਰਹੇ ਸਨ। ਮੈਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਈ। 5-6 ਵਜੇ ਉਨ੍ਹਾਂ ਦਾ ਫੋਨ ਆਇਆ।
ਇਹ ਵੀ ਪੜ੍ਹੋ : ਮਿਹਨਤ 'ਤੇ ਫਿਰ ਗਿਆ ਪਾਣੀ, 125 ਫੁੱਟ ਦਾ ਰਾਵਣ ਡਿੱਗਿਆ, 12 ਲੱਖ ਰੁਪਏ 'ਚ ਹੋਇਆ ਸੀ ਤਿਆਰ
ਮਿਲਜੁਲ ਕੇ ਰਹਾਂਗੇ ਤਾਂ ਹੀ ਚੱਲ ਸਕੇਗਾ ਦੇਸ਼
ਗੱਲਬਾਤ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਸਿਆਸਤ ਵਿਚ 2 ਵਿਚਾਰਧਾਰਾਵਾਂ ਦੀ ਲੜਾਈ ਹੈ। ਇੱਕ ਗਾਂਧੀਵਾਦੀ ਅਤੇ ਦੂਜੀ ਆਰ. ਐੱਸ. ਐੱਸ. ਦੀ। ਦੋਵੇਂ ਹਿੰਦੂਤਵ ਦੇ ਨਜ਼ਰੀਏ ਹਨ। ਇਕ ਅਹਿੰਸਾ ਅਤੇ ਭਾਈਚਾਰੇ ਦੀ ਵਿਚਾਰਧਾਰਾ ਹੈ। ਦੂਜੀ ਨਫ਼ਰਤ ਅਤੇ ਹਿੰਸਾ ਦੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਇਸ ’ਤੇ ਮਲਿਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਉਦੋਂ ਹੀ ਤਰੱਕੀ ਦੀ ਰਾਹ ’ਤੇ ਵਧੇਗਾ ਜਦੋਂ ਇਹ ਨਰਮ ਹਿੰਦੂਤਵ ਦੀ ਰਾਹ ’ਤੇ ਚੱਲੇਗਾ। ਇਹ ਗਾਂਧੀ ਜੀ ਦਾ ਵਿਚਾਰ ਸੀ। ਉਹ ਪਿੰਡ-ਪਿੰਡ ਗਏ। ਫਿਰ ਅਸੀਂ ਇਸ ਦ੍ਰਿਸ਼ਟੀਕੋਣ ’ਤੇ ਪਹੁੰਚ ਗਏ ਕਿ ਜੇ ਦੇਸ਼ ਇਸ ਵਿਚਾਰਧਾਰਾ ’ਤੇ ਚੱਲੇਗਾ ਤਾਂ ਹੀ ਇਹ ਅੱਗੇ ਵਧ ਸਕੇਗਾ, ਨਹੀਂ ਤਾਂ ਟੁਕੜੇ-ਟੁਕੜੇ ਹੋ ਜਾਏਗਾ। ਅਸੀਂ ਬਿਨਾਂ ਲੜੇ ਮਿਲਜੁਲ ਕੇ ਰਹਿਣਾ ਹੈ।
ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਈਵੈਂਟ ਬਣਾ ਦਿੱਤਾ
ਸੱਤਿਆਪਾਲ ਮਲਿਕ ਨੇ ਕਿਹਾ ਕਿ ਉਹ ਕਿਸੇ ਵੀ ਚੀਜ਼ ਨੂੰ ਈਵੈਂਟ ਵਿੱਚ ਬਦਲ ਦਿੰਦੇ ਹਨ। ਫਿਰ ਆਪਣੇ ਹੱਕ ਵਿੱਚ ਫਾਇਦਾ ਉਠਾਉਂਦੇ ਹਨ। ਮਹਿਲਾ ਰਿਜ਼ਰਵੇਸ਼ਨ ਬਿੱਲ ਨਾਲ ਵੀ ਅਜਿਹਾ ਹੀ ਕੀਤਾ ਗਿਆ। ਔਰਤਾਂ ਨੂੰ ਮਿਲਣਾ ਕੁਝ ਨਹੀਂ ਪਰ ਇਸ ਤਰ੍ਹਾਂ ਵਿਖਾਇਆ ਗਿਆ ਕਿ ਉਨ੍ਹਾਂ ਇੱਕ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਸੰਸਦ ਦੀ ਨਵੀਂ ਇਮਾਰਤ ਦੀ ਕੋਈ ਲੋੜ ਨਹੀਂ ਸੀ। ਪਰ ਪੀ. ਐੱਮ. ਮੋਦੀ ਨੇ ਆਪਣਾ ਪੱਥਰ ਲਾਉਣਾ ਸੀ ਕਿ ਮੈਂ ਇਸ ਨੂੰ ਬਣਾਇਆ ਹੈ। ਉਹ ਪੁਰਾਣੀ ਇਮਾਰਤ ਅਜੇ ਵੀ ਕਈ ਸਾਲਾਂ ਤੱਕ ਚਲ ਸਕਣੀ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8