ਜੰਮੂ-ਕਸ਼ਮੀਰ ਬੀਮਾ ਘਪਲਾ : ਸੱਤਿਆਪਾਲ ਮਲਿਕ ਤੋਂ CBI ਨੇ 5 ਘੰਟੇ ਤੱਕ ਕੀਤੀ ਪੁੱਛਗਿੱਛ

Saturday, Apr 29, 2023 - 10:47 AM (IST)

ਜੰਮੂ-ਕਸ਼ਮੀਰ ਬੀਮਾ ਘਪਲਾ : ਸੱਤਿਆਪਾਲ ਮਲਿਕ ਤੋਂ CBI ਨੇ 5 ਘੰਟੇ ਤੱਕ ਕੀਤੀ ਪੁੱਛਗਿੱਛ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਜੰਮੂ-ਕਸ਼ਮੀਰ ’ਚ ਕਥਿਤ ਬੀਮਾ ਘਪਲੇ ਦੀ ਜਾਂਚ ਦੇ ਸਬੰਧ ’ਚ ਸ਼ੁੱਕਰਵਾਰ ਨੂੰ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ। ਇਹ ਘਪਲਾ ਮਲਿਕ ਦੇ ਇਸ ਬਿਆਨ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਉਨ੍ਹਾਂ ਨੂੰ ਇਸ ਨਾਲ ਸਬੰਧਤ ਫਾਈਲ ਨੂੰ ਮਨਜ਼ੂਰੀ ਦੇਣ ਲਈ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਸੀ.ਬੀ.ਆਈ. ਦੀ ਇਕ ਟੀਮ ਮਲਿਕ ਦੇ ਦਾਅਵਿਆਂ ’ਤੇ ਉਨ੍ਹਾਂ ਨਾਲ ਸਵਾਲ-ਜਵਾਬ ਕਰਨ ਲਈ ਰਾਸ਼ਟਰੀ ਰਾਜਧਾਨੀ ਦੇ ਆਰ.ਕੇ. ਪੁਰਮ ਇਲਾਕੇ ’ਚ ਉਨ੍ਹਾਂ ਦੇ ਸੋਮ ਵਿਹਾਰ ਰਿਹਾਇਸ਼ ’ਤੇ ਸਵੇਰੇ ਕਰੀਬ 11.45 ’ਤੇ ਪਹੁੰਚੀ।

ਇਸ ਦੌਰਾਨ ਪਿਛਲੇ ਸਾਲ ਸੀ. ਬੀ. ਆਈ. ਕੋਲ ਦਰਜ ਕਰਵਾਏ ਗਏ ਮਲਿਕ ਦੇ ਬਿਆਨਾਂ ’ਚ ਕੀਤੇ ਗਏ ਦਾਅਵਿਆਂ ਬਾਰੇ ਉਨ੍ਹਾਂ ਕੋਲੋਂ ਕਈ ਸਵਾਲ ਕੀਤੇ ਗਏ। 7 ਮਹੀਨਿਆਂ ’ਚ ਦੂਜੀ ਵਾਰ ਸੱਤਿਆਪਾਲ ਮਲਿਕ ਤੋਂ ਸੀ. ਬੀ. ਆਈ. ਨੇ ਪੁੱਛਗਿੱਛ ਕੀਤੀ। ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਮਲਿਕ ਇਸ ਮਾਮਲੇ ’ਚ ਅਜੇ ਤੱਕ ਦੋਸ਼ੀ ਜਾਂ ਸ਼ੱਕੀ ਨਹੀਂ ਹੈ। ਸੀ.ਬੀ. ਆਈ. ਨੇ ਸਰਕਾਰੀ ਕਰਮਚਾਰੀਆਂ ਲਈ ਇਕ ਸਮੂਹ ਮੈਡੀਕਲ ਬੀਮਾ ਯੋਜਨਾ ਦੇ ਠੇਕੇ ਦੇਣ ਅਤੇ ਜੰਮੂ-ਕਸ਼ਮੀਰ ’ਚ ਕਿਰੂ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਨਾਲ ਜੁੜੇ 2,200 ਕਰੋੜ ਰੁਪਏ ਦੇ ਨਿਰਮਾਣ ਕਾਰਜਾਂ ’ਚ ਭ੍ਰਿਸ਼ਟਾਚਾਰ ਦੇ ਸੱਤਿਆਪਾਲ ਮਲਿਕ ਦੇ ਦੋਸ਼ਾਂ ਦੇ ਸਬੰਧ ’ਚ 2 ਐੱਫ. ਆਈ. ਆਰ. ਦਰਜ ਕੀਤੀਆਂ ਸਨ। ਮਲਿਕ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਜੰਮੂ-ਕਸ਼ਮੀਰ ਦੇ ਰਾਜਪਾਲ ਸਨ ਤਾਂ ਉਸ ਦੌਰਾਨ ਉਨ੍ਹਾਂ 2 ਫਾਈਲਾਂ ਨੂੰ ਮਨਜ਼ੂਰੀ ਦੇਣ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ।


author

DIsha

Content Editor

Related News