ਕਸ਼ਮੀਰ ’ਚ ਅੱਤਵਾਦੀਆਂ ਨੇ ਸਰਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ

Thursday, Mar 10, 2022 - 10:08 AM (IST)

ਕਸ਼ਮੀਰ ’ਚ ਅੱਤਵਾਦੀਆਂ ਨੇ ਸਰਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ 'ਚ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਸਥਿਤ ਖੋਨਮੋਹ 'ਚ ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਇਕ ਸਰਪੰਚ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਖੋਨਮੋਹ ਇਲਾਕੇ 'ਚ ਸਮੀਰ ਅਹਿਮਦ ਭਟ ਨਾਮੀ ਸਰਪੰਚ ਨੂੰ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ। ਹਮਲੇ 'ਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਸ਼੍ਰੀਨਗਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਘਟਨਾ ਦੇ ਤੁਰੰਤ ਬਾਅਦ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ।

ਹਮਲੇ 'ਚ ਸ਼ਾਮਲ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਪੁਲਸ ਨੇ ਘਟਨਾ 'ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਬੁੱਧਵਾਰ ਦੁਪਹਿਰ ਰਹੱਸਮਈ ਵਿਸਫ਼ੋਟ 'ਚ ਇਕ ਵਿਅਕਤੀ ਦੇ ਮਾਰੇ ਜਾਣ ਅਤੇ 13 ਦੇ ਜ਼ਖ਼ਮੀ ਹੋਣ ਦੇ ਕੁਝ ਘੰਟਿਆਂ ਬਾਅਦ ਸਰਪੰਚ 'ਤੇ ਹਮਲਾ ਹੋਇਆ ਹੈ। ਪਿਛਲੇ ਇਕ ਹਫ਼ਤੇ 'ਚ ਪੰਚਾਇਤ ਮੈਂਬਰ ਦਾ ਇਹ ਦੂਜਾ ਕਤਲ ਹੈ। ਇਸ ਤੋਂ ਪਹਿਲਾਂ 2 ਮਾਰਚ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਪੰਚ ਮੁਹੰਮਦ ਯਾਕੂਬ ਡਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।


author

DIsha

Content Editor

Related News