ਸਰਬਜੀਤ ਸਿੰਘ ਨੇ ਤੋੜਿਆ ਦਿੱਲੀ ਵਿਧਾਨ ਸਭਾ ਦੇ ਗੇਟ, ਕਾਰ ਸਣੇ ਅੰਦਰ ਹੋਇਆ ਦਾਖ਼ਲ

Monday, Apr 06, 2026 - 06:15 PM (IST)

ਸਰਬਜੀਤ ਸਿੰਘ ਨੇ ਤੋੜਿਆ ਦਿੱਲੀ ਵਿਧਾਨ ਸਭਾ ਦੇ ਗੇਟ, ਕਾਰ ਸਣੇ ਅੰਦਰ ਹੋਇਆ ਦਾਖ਼ਲ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਅੱਜ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਬੈਰੀਅਰ ਤੋੜਦਾ ਹੋਇਆ ਵਿਧਾਨ ਸਭਾ ਕੰਪਲੈਕਸ ਦੇ ਅੰਦਰ ਦਾਖ਼ਲ ਹੋ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਮੁਲਜ਼ਮ ਕਾਰ ਵਿੱਚੋਂ ਉਤਰਿਆ, ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਕੋਲ ਇੱਕ ਗੁਲਦਸਤਾ ਅਤੇ ਕੁਝ ਕਾਗਜ਼ ਰੱਖੇ ਅਤੇ ਉੱਥੋਂ ਫ਼ਰਾਰ ਹੋ ਗਿਆ। ਦਿੱਲੀ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸਰੋਤਾਂ ਅਨੁਸਾਰ, ਇਹ ਘਟਨਾ ਦੁਪਹਿਰ ਕਰੀਬ 2:10 ਵਜੇ ਵਾਪਰੀ। ਇਸ ਤੋਂ ਕੁਝ ਮਿੰਟ ਪਹਿਲਾਂ ਹੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਆਪਣੇ ਦਫ਼ਤਰ ਪਰਤੇ ਸਨ। ਮੁਲਜ਼ਮ ਸਰਬਜੀਤ ਸਿੰਘ ਨੇ ਉੱਤਰ ਪ੍ਰਦੇਸ਼ ਦੇ ਨੰਬਰ ਵਾਲੀ ਟਾਟਾ ਸਿਏਰਾ ਕਾਰ ਨਾਲ ਬੈਰੀਕੇਡਿੰਗ ਤੋੜੀ ਅਤੇ ਅੰਦਰ ਆ ਗਿਆ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਉਸ ਦੇ ਹੱਥ ਵਿੱਚ ਇੱਕ ਗੁਲਦਸਤਾ, ਹਾਰ ਅਤੇ ਇੱਕ ਬੈਗ ਸੀ। ਉਹ ਸਪੀਕਰ ਦੀ ਗੱਡੀ ਦੇ ਅੰਦਰ ਵੀ ਬੈਠਿਆ ਅਤੇ ਫਿਰ ਉੱਥੋਂ ਕਾਰ ਲੈ ਕੇ ਫ਼ਰਾਰ ਹੋ ਗਿਆ।

ਕੌਣ ਹੈ ਸਰਬਜੀਤ ਸਿੰਘ ?

ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਪੂਰਨਪੁਰ (ਪੀਲੀਭੀਤ) ਦਾ ਰਹਿਣ ਵਾਲਾ ਹੈ। ਪੁਲਸ ਨੇ ਉਸ ਨੂੰ ਉਸ ਦੇ ਦੋ ਸਾਥੀਆਂ ਸਮੇਤ ਉੱਤਰੀ ਦਿੱਲੀ ਦੇ ਰੂਪ ਨਗਰ ਇਲਾਕੇ ਤੋਂ ਹਿਰਾਸਤ ਵਿੱਚ ਲਿਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਰਬਜੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਾਰ ਨੂੰ 183 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਣ ਦੀਆਂ ਰੀਲਾਂ ਵੀ ਸਾਂਝੀਆਂ ਕੀਤੀਆਂ ਸਨ।
PunjabKesari

ਹਾਈ ਅਲਰਟ 'ਤੇ ਵਿਧਾਨ ਸਭਾ 

ਇਸ ਘਟਨਾ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੰਬ ਨਿਰੋਧਕ ਦਸਤੇ (Bomb Squad) ਨੇ ਮੌਕੇ 'ਤੇ ਪਹੁੰਚ ਕੇ ਉਸ ਗੁਲਦਸਤੇ ਦੀ ਜਾਂਚ ਕੀਤੀ, ਹਾਲਾਂਕਿ ਉਸ ਵਿੱਚੋਂ ਕੋਈ ਵਿਸਫੋਟਕ ਜਾਂ ਸ਼ੱਕੀ ਚੀਜ਼ ਨਹੀਂ ਮਿਲੀ। ਸੂਤਰਾਂ ਅਨੁਸਾਰ, ਇਸ ਘਟਨਾ ਤੋਂ ਪਹਿਲਾਂ ਸਪੀਕਰ ਦੀ ਰੇਕੀ ਕੀਤੇ ਜਾਣ ਦਾ ਵੀ ਸ਼ੱਕ ਹੈ। ਪੁਲਸ ਵੱਲੋਂ ਮਾਮਲੇ 'ਚ ਸਰਬਜੀਤ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


author

DILSHER

Content Editor

Related News